ਪ੍ਰਭੂ ਦਿਆਲ
ਸਿਰਸਾ, 5 ਫਰਵਰੀ
ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦੇ ਮੁਆਵਜ਼ੇ ਦੀ ਮੰਗ ਸਮੇਤ ਆਪਣੀਆਂ ਹੋਰ ਮੰਗਾਂ ਲਈ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ’ਚ ਆਪਣੇ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵਾਂਗ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਮੰਗਾਂ ਪੂਰੀਆਂ ਨਾ ਹੋਣ ’ਤੇ ਕਿਸਾਨਾਂ ਨੇ 7 ਫਰਵਰੀ ਨੂੰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦਾ ਪੁਤਲਾ ਫੂਕਣ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਪਿੰਡਾਂ ਵਿੱਚ ਇਸ ਸਫਲ ਬਣਾਉਣ ਦੇ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮਿੰਨੀ ਸਕੱਤਰੇਤ ’ਚ ਪੱਕਾ ਮੋਰਚਾ ਨੂੰ ਸੰਬੋਧਨ ਕਰਦਿਆਂ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਨੌਂ ਦਿਨਾਂ ਤੋਂ ਠੰਢ ਤੇ ਮੀਂਹ ’ਚ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਉਨ੍ਹਾਂ ਨੂੰ ਅਣਗੌਲਿਆਂ ਕਰ ਰਹੀ ਹੈ। ਸੋਮਵਾਰ 7 ਫਰਵਰੀ ਨੂੰ ਬਾਬਾ ਭੂਮਣ ਸ਼ਾਹ ਚੌਕ ’ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦਾ ਪੁਤਲਾ ਫੂਕਣਗੇ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਓ ਕਰਨਗੇ। ਇਸ ਮੌਕੇ ਤੇ ਸਤਪਾਲ ਸਿੰਘ, ਬਲਵੰਤ ਸਿੰਘ, ਗੁਰਨਾਮ ਸਿੰਘ, ਲੱਖਾ ਸਿੰਘ, ਜਰਨੈਲ ਸਿੰਘ ਅਲੀਕਾਂ, ਜਗਸੀਰ ਸਿੰਘ ਭੀਮਾ, ਲਾਲ ਸਿੰਘ ਮਲੜੀ, ਨਿਰਮਲ ਥਰਾਜ, ਬਨਵਾਰੀ ਫੌਜੀ ਡਿੰਗ, ਓਮ ਡਿੰਗ, ਸੁਰਜੀਤ ਸਿੰਘ ਬੇਗੂ, ਪਵਨ ਜੋਧਪੁਰੀਆ, ਦਲੀਪ ਰਾਏਪੁਰੀਆ, ਕਰਤਾ ਅਲੀਕਾਂ ਤੇ ਜਿੰਦਾ ਨਾਨੂਆਣਾ ਸਮੇਤ ਅਨੇਕ ਕਿਸਾਨ ਮੌਜੂਦ ਸਨ।