ਪ੍ਰਭੂ ਦਿਆਲ
ਸਿਰਸਾ, 28 ਜਨਵਰੀ
ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦੇ ਮੁਆਵਜ਼ੇ ਤੋਂ ਇਲਾਵਾ ਨਹਿਰਾਂ ਵਿੱਚ ਪੰਦਰਾਂ ਦਿਨ ਪਾਣੀ ਦੇਣ, ਟਿਊਬਵੈੱਲਾਂ ਦੇ ਬਿਜਲੀ ਕੁਨੈਕਸ਼ਨ ਦੇਣ ਦੀਆਂ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਨੇ ਮੁੜ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨ ਆਪਣੇ ਟਰੈਕਟਰ ਟਰਾਲੀਆਂ ’ਤੇ ਬੋਰੀ ਬਿਸਤਰਾ ਲੱਦ ਕੇ ਲੈ ਆਏ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ਤੋਂ ਬਾਅਦ ਇਕ ਵਾਰ ਫਿਰ ਕਿਸਾਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਦਿੱਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਜਾਣ ਲਈ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕ ਸਾਲ ਤੱਕ ਪੱਕਾ ਮੋਰਚਾ ਲਾਇਆ ਗਿਆ ਸੀ। ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨ ਆਗੂ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਕਿਸਾਨ ਲਗਾਤਾਰ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਰਹੇ ਸਨ। ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਏ। ਨਹਿਰਾਂ ਵਿੱਚ ਪੰਦਰਾਂ ਦਿਨ ਪੂਰੀ ਮਾਤਰਾ ’ਚ ਪਾਣੀ ਟੇਲਾਂ ਤੱਕ ਦਿੱਤਾ ਜਾਏ। ਟਿਊਬਵੈੱਲਾਂ ਦੇ ਕੁਨੈਕਸ਼ਨ ਬਿਨਾਂ ਸ਼ਰਤ ਦਿੱਤੇ ਜਾਣ। ਬਿਨਾਂ ਕਾਰਨ ਕੱਟੀ ਬੁਢਾਪਾ ਪੈਨਸ਼ਨ ਮੁੜ ਬਹਾਲ ਕੀਤੀ ਜਾਏ। ਮੀਂਹ ਨਾਲ ਨੁਕਸਾਨੀ ਗਈ ਹਾੜੀ ਦੀ ਫ਼ਸਲ ਦੀ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਏ। ਖੇਤੀ ਕਾਨੂੰਨ ਰੱਦ ਕਰਵਾਉਣ ਵੇਲੇ ਚਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਸਾਰੇ ਮੁਕਦਮੇ ਰੱਦ ਕੀਤੇ ਜਾਣ। ਐੱਮਐੱਸਪੀ ਸਾਰੀਆਂ ਫ਼ਸਲਾਂ ’ਤੇ ਲਾਗੂ ਕੀਤੀ ਜਾਏ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਏ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਇਹ ਪੱਕਾ ਮੋਰਚਾ ਜਾਰੀ ਰਹੇਗਾ।