ਪ੍ਰਭੂ ਦਿਆਲ
ਸਿਰਸਾ, 12 ਦਸੰਬਰ
ਇਥੋਂ ਦੇ ਪਿੰਡ ਚੌਬੁਰਜਾ ਦਾ ਕਿਸਾਨ ਸਤਪਾਲ 26 ਨਵੰਬਰ 2020 ਤੋਂ ਦਿੱਲੀ ਕਿਸਾਨੀਂ ਅੰਦੋਲਨ ’ਚ ਅੱਜ ਵਾਪਸ ਪਰਿਵਾਰ ਨੂੰ ਮਿਲਿਆ ਹੈ। ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਸਤਪਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਸਤਪਾਲ ਨੇ ਦੱਸਿਆ ਹੈ ਕਿ ਉਹ ਆਪਣੇ ਘਰੋਂ 25 ਨਵੰਬਰ ਨੂੰ ਤੁਰਿਆ ਸੀ ਤੇ ਪਿੰਡ ਦੇ ਹੋਰ ਕਿਸਾਨਾਂ ਨਾਲ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਹੁੰਚਿਆ ਸੀ। ਹੋਰ ਕਿਸਾਨ ਤਾਂ ਕੁਝ ਦਿਨਾਂ ਬਾਅਦ ਘਰ ਮੁੜ ਆਉਂਦੇ ਸੀ ਪਰ ਉਹ ਇਨ੍ਹਾਂ ਦਿਨਾਂ ’ਚ ਕਦੇ ਵੀ ਘਰ ਨਹੀਂ ਮੁੜਿਆ। ਉਸ ਦੇ ਦੋ ਪੁੱਤਰ ਤੇ ਪਰਿਵਾਰ ਹੈ, ਜਿਨ੍ਹਾਂ ਨੇ ਮਗਰੋਂ ਘਰ ਤੇ ਖੇਤੀ ਦਾ ਕੰਮ ਸੰਭਾਲੀ ਰੱਖਿਆ ਹੈ। ਦਿੱਲੀ ਰਹਿੰਦੇ ਹੋਏ ਘਰ ਦੀ ਯਾਦ ਆਉਂਦੀ ਸੀ ਤਾਂ ਫੋਨ ’ਤੇ ਗੱਲ ਹੋ ਜਾਂਦੀ ਸੀ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਵਾਪਸ ਨਾ ਮੁੜਣ ਦੀ ਸਹੁੰ ਖਾਧੀ ਹੋਈ ਸੀ, ਜਿਸ ਲਈ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਮਗਰੋਂ ਹੀ ਜਿੱਤ ਪ੍ਰਾਪਤ ਕਰਕੇ ਹੀ ਮੁੜੇ ਹਨ। ਇਸ ਦੌਰਾਨ ਕਿਸਾਨ ਸਭਾ ਦੇ ਆਗੂ ਜਾਗਰੂਪ ਚੌਬੁਰਜਾ, ਰੋਸ਼ਨ ਸੁਚਾਨ ਨੇ ਦੱਸਿਆ ਹੈ ਕਿ ਉਹ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ’ਤੇ ਰਹੇ ਹਨ ਪਰ ਜਦੋਂ ਘਰ ਕੰਮ ਹੁੰਦਾ ਸੀ ਤਾਂ ਉਹ ਵਾਪਿਸ ਘਰ ਮੁੜ ਆਉਂਦੇ ਸੀ ਪਰ ਸਤਪਾਲ ਕਦੇ ਘਰ ਨਹੀਂ ਆਇਆ। ਸਤਪਾਲ ਜਿਥੇ ਆਪਣੇ ਪਿੰਡੋਂ ਗਈ ਟਰਾਲੀ ਦਾ ਧਿਆਨ ਰੱਖਦਾ ਸੀ।