ਪ੍ਰਭੂ ਦਿਆਲ
ਸਿਰਸਾ, 24 ਮਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਿਸਾਨ ਸਭਾ ਦੇ ਆਗੂ ਸਵਰਨ ਸਿੰਘ ਵਿਰਕ, ਡਾ. ਸੁਖਦੇਵ ਸਿੰਘ ਜੰਮੂ ਤੇ ਭਾਰਤੀ ਕਿਸਾਨ ਏਕਤਾ ਦੇ ਆਗੂ ਲਖਵਿੰਦਰ ਸਿੰਘ ਲੱਖਾ ਨੇ ਸਾਂਝੇ ਤੌਰ ’ਤੇ ਕੀਤੀ। ਸ੍ਰੀ ਵਿਰਕ ਨੇ ਕਿਹਾ ਕਿ ਸਰਕਾਰ ਨੇ ਨਾ ਤਾਂ ਅਜੇ ਤੱਕ ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲਏ ਹਨ ਤੇ ਨਾ ਹੀ ਹੋਰ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਣਕ ਦੇ ਘੱਟ ਝਾੜ ਦੀ ਪੂਰਤੀ ਲਈ ਸਰਕਾਰ ਕਿਸਾਨਾਂ ਨੂੰ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਵੇ। ਟਿਊਬਵੈੱਲਾਂ ਦੇ ਲਈ ਬਿਜਲੀ ਅੱਠ ਘੰਟੇ ਦਿੱਤੀ ਜਾਵੇ। ਪਿਛਲੇ ਸਾਲੇ ਗੁਲਾਬੀ ਸੁੰਡੀ ਤੇ ਹੋਰ ਕਾਰਨਾਂ ਕਾਰਨ ਨੁਕਸਾਨੇ ਨਰਮੇ ਦੀ ਮੁਅਵਜ਼ਾ ਦਿੱਤਾ ਜਾਏ।
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ। ਫ਼ੌਜ ਦੀ ਬੰਦ ਭਰਤੀ ਖੋਲ੍ਹੀ ਜਾਏ। ਜ਼ਮੀਨ ਐਕੁਆਇਰ ਕਾਨੂੰਨ ਹਰਿਆਣਾ ਸੋਧ ਰੱਦ ਕੀਤਾ ਜਾਏ। ਉਤਰੀ ਘੱਗਰ ਨਹਿਰ ਦੀ ਖੁਦਾਈ ਕਰਵਾ ਕੇ ਟੇਲਾਂ ਤੱਕ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਏ। ਬਰਖ਼ਾਸਤ ਆਂਗਣਵਾੜੀ ਵਰਕਰਾਂ ਨੂੰ ਬਹਾਲ ਕੀਤਾ ਜਾਏ। ਕਿਸਾਨਾਂ ਦੇ ਸ਼ੁਗਰ ਮਿੱਲਾਂ ਵੱਲ ਖੜ੍ਹੇ ਬਕਾਏ ਦਾ ਭੁਗਤਾਨ ਕਰਵਾਇਆ ਜਾਏ। ਇਸ ਮੌਕੇ ’ਤੇ ਹਰਚਰਨ ਸਿੰਘ, ਭਜਨ ਲਾਲ, ਪ੍ਰਮੋਦ, ਨਰੇਸ਼, ਰੇਸ਼ਮ ਸਿੰਘ, ਪ੍ਰਮਿੰਦਰ ਸਿੰਘ ਸਮੇਤ ਅਨੇਕ ਕਿਸਾਨ ਮੌਜੂਦ ਸਨ।