ਪ੍ਰਭੂ ਦਿਆਲ
ਸਿਰਸਾ, 25 ਮਈ
ਬਰਖ਼ਾਸਤ ਆਂਗਣਵਾੜੀ ਵਰਕਰਾਂ ਨੂੰ ਬਹਾਲ ਕਰਨ ਤੇ ਬਕਾਇਆ ਤਨਖਾਹ ਲੈਣ ਲਈ ਆਂਗਣਵਾੜੀ ਵਰਕਰਾਂ ਨੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਆਂਗਣਵਾੜੀ ਯੂਨੀਅਨ ਦੀ ਆਗੂ ਵੀਰੋ ਰਾਣੀ ਤੇ ਪ੍ਰੋਮਿਲਾ ਨੇ ਸਾਂਝੇ ਤੌਰ ’ਤੇ ਕੀਤੀ। ਧਰਨੇ ’ਤੇ ਬੈਠੀਆਂ ਆਂਗਣਵਾੜੀ ਵਰਕਰਾਂ ਨੂੰ ਵੀਰੋ ਰਾਣੀ ਤੇ ਪ੍ਰੋਮਿਲਾ ਨੇ ਕਿਹਾ ਕਿ ਪਿਛਲੇ ਦਿਨੀਂ ਆਂਗਣਵਾੜੀ ਵਰਕਰਾਂ ਨੇ ਲਗਾਤਾਰ ਚਾਰ ਮਹੀਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ, ਜਿਸ ਮਗਰੋਂ ਸਰਕਾਰ ਨੇ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਨਾ ਤਾਂ ਅੰਦੋਲਨ ਦੌਰਾਨ ਬਰਖ਼ਾਸਤ ਕੀਤੀਆਂ ਆਂਗਣਵਾੜੀ ਵਰਕਰਾਂ ਨੂੰ ਬਹਾਲ ਕੀਤਾ ਗਿਆ ਹੈ ਤੇ ਨਾ ਹੀ ਉਸ ਸਮੇਂ ਦੀ ਆਂਗਣਵਾੜੀ ਵਰਕਰਾਂ ਨੂੰ ਤਨਖਾਹ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਹੀ ਪਿਛੇ ਹੱਟ ਰਹੀ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।