ਪ੍ਰਭੂ ਦਿਆਲ
ਸਿਰਸਾ, 12 ਜਨਵਰੀ
ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਸਣੇ ਹੋਰ ਮੰਗਾਂ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ। ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀਆਂ ਗਿ੍ਫ਼ਤਾਰੀਆਂ ਦੇਣ ਲਈ ਜ਼ਿਲ੍ਹਾ ਜੇਲ੍ਹ ਤੱਕ ਪ੍ਰਦਰਸ਼ਨ ਕੀਤਾ। ਪੁਲੀਸ ਤੇ ਪ੍ਰਸ਼ਾਸਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਗਿ੍ਫ਼ਤਾਰ ਨਾ ਕਰਨ ’ਤੇ ਉਨ੍ਹਾਂ ਨੇ ਜ਼ਿਲ੍ਹਾ ਜੇਲ੍ਹ ਦੇ ਸਾਹਮਣੇ ਸਿਰਸਾ-ਬਰਨਾਲਾ ਰੋਡ ’ਤੇ ਕਈ ਘੰਟਿਆਂ ਤੱਕ ਧਰਨਾ ਲਾਇਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਂਗਣਵਾੜੀ ਵਰਕਰਾਂ ਦੇ ਅੰਦੋਲਨ ਨੂੰ ਜਿਥੇ ਸਰਵ ਕਰਮਚਾਰੀ ਸੰਘ ਨੇ ਹਮਾਇਤ ਕੀਤੀ ਉਥੇ ਹੀ ਕਿਸਾਨ ਜਥੇਬੰਦੀਆਂ ਤੇ ਸੇਵਾ ਮੁਕਤ ਕਰਮਚਾਰੀਆਂ ਨੇ ਵੀ ਹਮਾਇਤ ਕੀਤੀ। ਬਾਅਦ ਵਿੱਚ ਐੱਸਡੀਐੱਮ ਜੈਵੀਰ ਯਾਦਵ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਸਥਾਨਕ ਮੰਗਾਂ ਬਾਰੇ ਭਲਕੇ ਮੀਟਿੰਗ ਕਰਨ ਤੇ ਸਰਕਾਰ ਸਬੰਧੀ ਮੰਗਾਂ ਬਾਰੇ ਸਰਕਾਰ ਨੂੰ ਲਿਖੇ ਜਾਣ ਦੇ ਦਿੱਤੇ ਗਏ ਭਰੋਸੇ ਮਗਰੋਂ ਆਂਗਣਵਾੜੀ ਵਰਕਰਾਂ ਨੇ ਜੇਲ੍ਹ ਦੇ ਅੱਗੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ।