ਪ੍ਰਭੂ ਦਿਆਲ
ਸਿਰਸਾ, 3 ਸਤੰਬਰ
ਇਥੋਂ ਦੇ ਪਿੰਡ ਭਾਵਦੀਨ ਸਥਿਤ ਸ਼ਹੀਦ ਨਿਸ਼ਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅਧਿਆਪਕਾਂ ਦੀ ਕਮੀ ਦੇ ਵਿਰੋਧ ’ਚ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਸਕੂਲ ’ਚ ਆਸਾਮੀਆਂ ਤੁਰੰਤ ਭਰੇ ਜਾਣ ਦੀ ਮੰਗ ਨੂੰ ਲੈ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਸਕੂਲ ਅੱਗੇ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੀ ਤਬਾਦਲਾ ਨੀਤੀ ਕਾਰਨ ਪੀਟੀਆਈ/ਡੀਪੀਆਈ ਦੀ ਪੋਸਟ ਨੂੰ ਖਤਮ ਕਰ ਦਿੱਤਾ ਗਿਆ ਹੈ, ਜਦੋਂਕਿ ਇਸ ਸਕੂਲ ਨੇ ਕੌਮੀ ਪੱਧਰ ਦੇ 30 ਤੋਂ ਜ਼ਿਆਦਾ ਖਿਡਾਰੀ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਸਕੂਲ ’ਚ ਹਿੰਦੀ, ਕੰਪਿਊਟਸ ਸਾਇੰਸ, ਅੰਗਰੇਜ਼ੀ, ਸਾਇੰਸ, ਸੋਸ਼ਲ ਸਾਇੰਸ ਦੇ ਅਧਿਆਪਕ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨਹੀਂ ਹੋ ਰਹੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪਿੰਡ ਨੂੰ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਗੋਦ ਲਿਆ ਹੋਇਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਦਿਨੀਂ ਪਿੰਡ ਦੇ ਸ਼ਹੀਦ ਹੋਏ ਸੈਨਿਕ ਨਿਸ਼ਾਨ ਸਿੰਘ ਦੇ ਨਾਂ ’ਤੇ ਇਸ ਸਕੂਲ ਦਾ ਨਾਂ ਰੱਖਿਆ ਸੀ ਤੇ ਹੁਣ ਅਧਿਆਪਕਾਂ ਦੀ ਕਮੀ ਕਾਰਨ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਲਾ ਦਿੱਤਾ ਹੈ। ਇਸ ਮੌਕੇ ’ਤੇ ਪਿੰਡ ਦੇ ਕਈ ਲੋਕ ਮੌਜੂਦ ਸਨ।