ਰਤਨ ਸਿੰਘ ਢਿੱਲੋਂ
ਅੰਬਾਲਾ, 14 ਮਾਰਚ
ਵਿਧਾਇਕ ਅਸੀਮ ਗੋਇਲ ਵੱਲੋਂ ਵਿਧਾਨ ਸਭਾ ਵਿੱਚ ਬੇਭਰੋਸਗੀ ਦੇ ਮਤੇ ’ਤੇ ਬੋਲਦਿਆਂ ਕਿਸਾਨਾਂ ਨੂੰ ਕਥਿਤ ਤੌਰ ’ਤੇ ਦੇਸ਼ਧ੍ਰੋਹੀ ਕਹਿਣ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ 11 ਮਾਰਚ ਨੂੰ ਵਿਧਾਇਕ ਦੇ ਪੁਤਲੇ ਦੀ ਅੰਤਿਮ ਯਾਤਰਾ ਕੱਢਣ ਅਤੇ ਉਸ ਦੇ ਘਰ ਦੇ ਬਾਹਰ ਪੁਤਲਾ ਸਾੜਨ ਦੇ ਮਾਮਲੇ ਵਿਚ ਅਣਗਹਿਲੀ ਵਰਤੀ ਜਾਣ ਤੋਂ ਐੱਸਐੱਸਪੀ ਅੰਬਾਲਾ ਵੱਲੋਂ ਬਲਦੇਵ ਨਗਰ ਥਾਣੇ ਦੇ ਐੱਸਐੱਚਓ ਹਮੀਰ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਡੀਐੱਸਪੀ (ਹੈੱਡਕੁਆਰਟਰ) ਸੁਲਤਾਨ ਸਿੰਘ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਵਿਧਾਇਕ ਨੂੰ ਗਾਲ੍ਹਾਂ ਕੱਢਣ ਵਾਲੇ ਕਿਸਾਨ ਆਗੂਆਂ ਅਤੇ ਕਿਸਾਨਾਂ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਲਈ ਐੱਸਐੱਚਓ ਹਮੀਰ ਸਿੰਘ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਆਧਾਰ ’ਤੇ ਹੀ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਮਾਮਲੇ ਵਿਚ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ ਜੋ ਰੋਜ਼ ਦੀ ਰੋਜ਼ ਕਾਰਵਾਈ ਤੇ ਆਧਾਰਿਤ ਹੋਵੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੌਰਾਨ ਹੰਗਾਮਾ ਕਰਨ ਅਤੇ ਵਿਧਾਇਕ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਮਾਮਲੇ ਵਿਚ ਬਲਦੇਵ ਨਗਰ ਥਾਣੇ ਦੇ ਸੁਰੱਖਿਆ ਏਜੰਟ ਨਵੀਨ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਭਾਕਿਯੂ ਪ੍ਰਧਾਨ ਮਲਕੀਤ ਸਿੰਘ ਸਮੇਤ 19 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।