ਪੱਤਰ ਪ੍ਰੇਰਕ
ਫਰੀਦਾਬਾਦ, 7 ਜਨਵਰੀ
ਅਪਰਾਧ ਸ਼ਾਖਾ ਡੀਐੱਲਐੱਫ ਨੇ ਫਰੀਦਾਬਾਦ ਦੇ ਸਾਗਰਪੁਰ ’ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰੀ ਓਮ ਉਰਫ ਰਿਤੇਸ਼, ਪ੍ਰਤਾਪ ਤੇ ਆਸ਼ੀਸ਼ ਵਜੋਂ ਹੋਈ ਹੈ। ਮੁਲਜ਼ਮਾਂ ਨੇ ਆਪਣੇ ਹੀ ਪਿੰਡ ਦੇ ਲਾਅ ਦੇ ਵਿਦਿਆਰਥੀ ਰਾਹੁਲ ਦਾ ਕਥਿਤ ਕਤਲ ਕਰ ਦਿੱਤਾ ਸੀ।
ਰਾਹੁਲ ਦੇ ਪਿਤਾ ਧਰਮਰਾਜ ਨੇ ਦੱਸਿਆ ਕਿ 1 ਜਨਵਰੀ ਦੀ ਸ਼ਾਮ ਨੂੰ ਉਸ ਦਾ ਲੜਕਾ ਰਾਹੁਲ ਮੁਲਜ਼ਮ ਹਰੀ ਓਮ ਨੂੰ ਮਿਲਣ ਗਿਆ ਸੀ। ਰਾਹੁਲ ਦੇ ਨਾਲ ਉਸਦਾ ਦੋਸਤ ਰਿੰਕੂ ਤੇ 2-3 ਹੋਰ ਦੋਸਤ ਵੀ ਉਸਦੇ ਨਾਲ ਸਨ। ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਉਸ ਨੂੰ ਸੂਚਨਾ ਮਿਲੀ ਕਿ ਸਾਗਰਪੁਰ-ਸਨਪੇਡ ਰੋਡ ’ਤੇ 8-10 ਲੜਕਿਆਂ ਨੇ ਉਸ ਦੇ ਲੜਕੇ ਰਾਹੁਲ ਤੇ ਉਸ ਦੇ ਦੋਸਤਾਂ ਨੂੰ ਘੇਰ ਲਿਆ ਤੇ ਕਥਿਤ ਕੁੱਟਮਾਰ ਕਰ ਰਹੇ ਹਨ। ਰਾਹੁਲ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇੱਕ ਹੋਰ ਮਾਮਲੇ ’ਚ ਪੁਰਾਣੀ ਪ੍ਰੈਸ ਕਲੋਨੀ ਦੇ ਖੰਡਰ ’ਚੋਂ ਮਿਲੀ ਲਾਸ਼ ਦਾ ਭੇਤ ਸੁਲਝਾਉਂਦੇ ਹੋਏ ਕਰਾਈਮ ਬਰਾਂਚ ਡੀਐੱਲਐੱਫ ਨੇ ਇੱਕ ਨਾਬਾਲਗ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਫਰੀਦਾਬਾਦ ਦੇ ਰਹਿਣ ਵਾਲੇ ਅਮਨ ਵਜੋਂ ਹੋਈ ਹੈ। ਫੜੇ ਗਏ ਮੁਲਜ਼ਮਾਂ ’ਚ ਰੋਹਿਤ, ਸੁਮਿਤ, ਮਨੋਜ ਉਰਫ਼ ਮਨੂ ਤੇ ਇੱਕ ਨਾਬਾਲਗ ਸ਼ਾਮਲ ਹੈ, ਜਿਸ ਦੀ ਉਮਰ 17 ਸਾਲ ਹੈ। ਚਾਰੇ ਮੁਲਜ਼ਮ ਮ੍ਰਿਤਕ ਅਮਨ ਦੇ ਦੋਸਤ ਸਨ। ਨਸ਼ੇ ’ਚ ਧੁੱਤ ਅਮਨ ਨਾਲ ਲੜਾਈ ਹੋ ਗਈ ਤੇ ਮੁਲਜ਼ਮਾਂ ਨੇ ਅਮਨ ਨੂੰ ਪਿੱਛਿਓਂ ਧੱਕਾ ਦੇ ਦਿੱਤਾ ਤੇ ਡਿੱਗਦੇ ਸਮੇਂ ਉਸ ਦਾ ਸਿਰ ਹੇਠਾਂ ਪਏ ਪੱਥਰਾਂ ’ਚ ਵੱਜਿਆ, ਜਿਸ ਕਾਰਨ ਅਮਨ ਦੀ ਮੌਤ ਹੋ ਗਈ।