ਸਤਪਾਲ ਰਾਮਗੜ੍ਹੀਆ
ਪਿਹੋਵਾ, 24 ਜੁਲਾਈ
ਹਰਿਆਣਾ ਦੇ ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਸੰਦੀਪ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਦੇ ਵਿਦਿਆਰਥੀ ਪੁਰਵਾਂਸ਼ੂ ਗਰਗ ਨੇ ਸੀਬੀਐੱਸਈ ਦੀ ਦਸਵੀਂ ਜਮਾਤ ’ਚੋਂ 500 ’ਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਿਚ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ| ਅਜਿਹੇ ਹੋਣਹਾਰ ਬੱਚੇ ਨੂੰ ਉਸ ਦੀ ਤਰਫੋਂ 3 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡ ਮੰਤਰੀ ਸੰਦੀਪ ਸਿੰਘ ਵਿਦਿਆਰਥੀ ਨੂੰ ਵਧਾਈ ਦੇਣ ਲਈ ਮਾਡਲ ਟਾਊਨ ਸਥਿਤ ਉਸ ਦੇ ਘਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਿਹੋਵਾ ਇਲਾਕੇ ਦੇ ਬੱਚੇ ਹਰ ਪਾਸੇ ਨਾਂ ਰੌਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਸਾਕਸ਼ੀ ਸੈਣੀ ਨੇ ਹਰਿਆਣਾ ਬੋਰਡ ਦੀ ਪ੍ਰੀਖਿਆ ਵਿੱਚ ਸੂਬੇ ਭਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ। ਪੁਰਵਾਂਸ਼ੂ ਨੇ ਦੱਸਿਆ ਕਿ ਸਕੂਲ ਤੋਂ ਘਰ ਪਰਤਣ ਤੋਂ ਬਾਅਦ ਉਹ ਰੋਜ਼ਾਨਾ 4 ਘੰਟੇ ਪੜ੍ਹਾਈ ਕਰਦਾ ਸੀ। ਦਾਦਾ ਮੁਰਾਰੀ ਲਾਲ ਗਰਗ ਨੇ ਕਿਹਾ ਕਿ ਉਸ ਨੇ ਆਪਣੇ 60 ਸਾਲਾਂ ਦੇ ਜੀਵਨ ਵਿੱਚ ਇੱਕੋ ਇੱਕ ਕਮਾਈ ਕੀਤੀ ਹੈ, ਜੋ ਉਸ ਦੇ ਪੋਤਰੇ ਨੇ ਪੂਰੇ ਭਾਰਤ ਵਿੱਚ ਉਸ ਦਾ ਨਾਮ ਚਮਕਾਇਆ ਹੈ। ਪਿਤਾ ਰਾਜੇਸ਼ ਗਰਗ, ਮਾਂ ਸੰਗੀਤਾ ਬਾਂਸਲ ਵੀ ਬੇਟੇ ਦੀ ਪ੍ਰਾਪਤੀ ’ਤੇ ਖੁਸ਼ ਹਨ।
ਗੁਰੂ ਨਾਨਕ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਆਉਣ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਤੇ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ ਹੈ ਅਤੇ ਨਾਲ ਹੀ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਗੱਲ ਵੀ ਕਹੀ ਗਈ, ਜਿਨ੍ਹਾਂ ਦੀ ਅਣਥਕ ਮਿਹਨਤ ਸਦਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਹਰਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ, ਇਸੇ ਤਹਿਤ ਸਮੇਂ-ਸਮੇਂ ’ਤੇ ਬੱਚਿਆਂ ਦੀ ਕੌਂਸਲਿੰਗ ਵੀ ਕੀਤੀ ਜਾਂਦੀ ਹੈ।