ਚੰਡੀਗੜ੍ਹ, 2 ਜਨਵਰੀ
ਬਠਿੰਡਾ ਤੋਂ ਦਿੱਲੀ ਜਾ ਰਹੇ ਫ਼ੌਜ ਦੇ ਹੈਲੀਕਾਪਟਰ ਨੂੰ ਅੱਜ ‘ਹੰਗਾਮੀ ਹਾਲਾਤ’ ’ਚ ਜੀਂਦ ਜ਼ਿਲ੍ਹੇ ਦੇ ਇਕ ਖੇਤ ’ਚ ਉਤਰਨਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ’ਚ ਸਵਾਰ ਤਿੰਨੋਂ ਵਿਅਕਤੀ ਸੁਰੱਖਿਅਤ ਹਨ। ਫ਼ੌਜ ਵੱਲੋਂ ਹੰਗਾਮੀ ਲੈਂਡਿੰਗ ਬਾਰੇ ਕੋਈ ਫੌਰੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇੰਸਪੈਕਟਰ ਰਾਜੇਸ਼ ਕੁਮਾਰ ਨੇ ਜੀਂਦ ਤੋਂ ਫੋਨ ’ਤੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬਠਿੰਡਾ ਤੋਂ ਦਿੱਲੀ ਜਾ ਰਹੇ ਫ਼ੌਜ ਦੇ ਹੈਲੀਕਾਪਟਰ ਨੂੰ ਜੀਂਦ ਜ਼ਿਲ੍ਹੇ ਦੇ ਪਿੰਡ ਜਾਜਾਨਵਾਲਾ ’ਚ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਨਰਵਾਣਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਨੇ ਦੱਸਿਆ ਕਿ ਹੈਲੀਕਾਪਟਰ ’ਚ ਸਵਾਰ ਤਿੰਨੋਂ ਵਿਅਕਤੀ ਸੁਰੱਖਿਅਤ ਹਨ। ਐਮਰਜੈਂਸੀ ਲੈਂਡਿੰਗ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਸ਼ਾਇਦ ਹੈਲੀਕਾਪਟਰ ’ਚ ਕੋਈ ਤਕਨੀਕੀ ਨੁਕਸ ਹੋਵੇਗਾ ਪਰ ਇਸ ਬਾਰੇ ਫ਼ੌਜ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਜਿਵੇਂ ਹੀ ਹੈਲੀਕਾਪਟਰ ਖੇਤ ’ਚ ਉਤਰਿਆ ਤਾਂ ਉਥੇ ਪਿੰਡ ਵਾਸੀ ਇਕੱਤਰ ਹੋ ਗਏ ਸਨ। -ਪੀਟੀਆਈ