ਨਿੱਜੀ ਪੱਤਰ ਪ੍ਰੇਕਰ
ਸਿਰਸਾ, 8 ਮਾਰਚ
ਰੂਸ-ਯੂਕਰੇਨ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਅਤੇ ਯੁੱਧਬੰਦੀ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਅੱਜ ਸਿਰਸਾ ’ਚ ਸ਼ਾਂਤੀ ਮਾਰਚ ਕੱਢਿਆ ਅਤੇ ਪ੍ਰਧਾਨ ਮੰਤਰੀ ਦੇ ਨਾਂ ਸਿਟੀ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ। ਸ਼ਾਂਤੀ ਮਾਰਚ ’ਚ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਤੋਂ ਇਲਾਵਾ ਕਿਸਾਨ, ਵਕੀਲ, ਲੇਖਕ ਤੇ ਬੁੱਧੀਜੀਵੀ ਵੱਡੀ ਗਿਣਤੀ ’ਚ ਮੌਜੂਦ ਸਨ। ਸਿਰਸਾ ਸਿਟੀਜ਼ਨ ਫੋਰਮ ਦੇ ਬੈਨਰ ਹੇਠ ਕੌਮਾਂਤਰੀ ਮਹਿਲਾ ਦਿਵਸ ਮੌਕੇ ਲੋਕ ਅੱਜ ਸ਼ਾਮ ਬਰਨਾਲਾ ਰੋਡ ਸਥਿਤ ਬਾਲ ਭਵਨ ਨੇੜੇ ਇਕੱਠੇ ਹੋਏ ਜਿਥੋਂ ਉਹ ਸ਼ਾਂਤੀ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ ਪੁੱਜੇ ਅਤੇ ਸਿਟੀ ਮੈਜਿਸਟਰੇਟ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਸ਼ਾਂਤੀ ਮਾਰਚ ਦੌਰਾਨ ਉੱਘੇ ਸਾਹਿਤਕਾਰ ਤੇ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਰੂਸ-ਯੂਕਰੇਨ ਯੁੱਧ ਤੁਰੰਤ ਬੰਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ ਜਤਨ ਕਰਨੇ ਚਾਹੀਦੇ ਹਨ। ਇਸ ਮੌਕੇ ਕ੍ਰਿਸ਼ਨਾ ਫੌਗਾਟ, ਦਵਿੰਦਰ ਕੌਰ ਐਡਵੋਕੇਟ, ਸਰਬਜੀਤ ਕੌਰ, ਪੁਸ਼ਪਾ ਐਡਵੋਕੇਟ ਤੇ ਕੰਵਲਜੀਤ ਕੌਰ ਸਰਪੰਚ ਆਦਿ ਹਾਜ਼ਰ ਸਨ।