ਪੱਤਰ ਪ੍ਰੇਰਕ
ਜੀਂਦ, 24 ਫਰਵਰੀ
ਗਾਂਧੀ ਨਗਰ ਵਿੱਚ ਦੋ ਨੌਜਵਾਨ ਇੱਕ ਮਹਿਲਾ ਨੂੰ ਗਹਿਣੇ ਸਾਫ਼ ਕਰਨ ਦਾ ਝਾਂਸਾ ਦੇ ਕੇ ਉਸ ਤੋਂ ਸੋਨੇ ਦੇ ਕੜੇ ਅਤੇ ਤਿੰਨ ਅੰਗੂਠੀਆਂ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਗਾਂਧੀ ਨਗਰ ਨਿਵਾਸੀ ਸ਼ਕੁੰਤਲਾ ਨੇ ਪੁਲੀਸ ਨੂੰ ਦਿੱਤੀ ਗਈ ਸਿਕਾਇਤ ਵਿੱਚ ਦੱਸਿਆ ਕਿ ਲਗਭਗ 11 ਵਜੇ ਉਹ ਆਪਣੇ ਮਕਾਨ ਦੇ ਬਾਹਰ ਬੈਠੀ ਸੀ ਕਿ ਇਸ ਦੌਰਾਨ ਉਸ ਕੋਲ ਦੋ ਨੌਜਵਾਨ ਆਏ ਜਿਨ੍ਹਾਂ ਕਿਹਾ ਕਿ ਉਹ ਤਾਂਬੇ ਦੇ ਭਾਂਡਿਆਂ ਦੀ ਸਫ਼ਾਈ ਕਰਨ ਦਾ ਕੰਮ ਕਰਦੇ ਹਨ। ਮਹਿਲਾ ਨੇ ਤਾਂਬੇ ਦੇ ਬਰਤਨ ਸਾਫ਼ ਕਰਨ ਲਈ ਉਨ੍ਹਾਂ ਨੂੰ ਦੇ ਦਿੱਤੇ। ਇਸੇ ਦੌਰਾਨ ਉਨ੍ਹਾਂ ਨੌਜਵਾਨਾਂ ਨੇ ਮਹਿਲਾ ਦੇ ਕੜਿਆਂ ਉੱਤੇ ਪਾਊਡਰ ਪਾ ਦਿੱਤਾ ਤੇ ਕਿਹਾ ਉਹ ਸੋਨੇ ਦੇ ਜੇਵਰ ਵੀ ਸਾਫ਼ ਕਰਦੇ ਹਨ ਤੇ ਇਸ ਬਹਾਨੇ ਉਨ੍ਹਾਂ ਮਹਿਲਾ ਦੇ ਕੜੇ ਅਤੇ ਤਿੰਨ ਅੰਗੂਠੀਆਂ ਵੀ ਉਤਰਵਾ ਲਈਆਂ, ਜੋ 8 ਗ੍ਰਾਮ ਤੋਂ ਵੀ ਵੱਧ ਵਜ਼ਨ ਦੀਆਂ ਸਨ। ਉਹ ਗਹਿਣੇ ਸਾਫ਼ ਕਰਦਿਆਂ ਸੋਨੇ ਦੇ ਕੜੇ ਅਤੇ ਤਿੰਨ ਅੰਗੂਠੀਆਂ ਲੈ ਕੇ ਫ਼ਰਾਰ ਹੋ ਗਏ। ਉਸ ਮਹਿਲਾ ਨੇ ਰੌਲਾ ਵੀ ਪਾਇਆ ਪਰ ਉਦੋਂ ਤੱਕ ਉਹ ਬਹੁਤ ਦੂਰ ਜਾ ਚੁੱਕੇ ਸਨ। ਇਸ ਮੌਕੇ ਜਾਂਚ ਅਧਿਕਾਰੀ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਨੌਜਵਾਨਾਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।