ਪ੍ਰਭੂ ਦਿਆਲ
ਸਿਰਸਾ, 4 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਰੋਹਤਕ ਦੌਰੇ ਦੌਰਾਨ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਖ਼ਿਲਾਫ਼ ਕਿਸਾਨਾਂ ਨੇ ਲੰਘੀ ਅੱਧੀ ਰਾਤ ਤੋਂ ਨੈਸ਼ਨਲ ਹਾਈ ਵੇਅ ਨੌਂ ’ਤੇ ਜਾਮ ਲਾ ਦਿੱਤਾ। ਅਚਨਚੇਤ ਜਾਮ ਲਾਏ ਜਾਣ ਕਾਰਨ ਹਾਈ ਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਛੋਟੇ ਵਾਹਨਾਂ ਨੂੰ ਪੁਲੀਸ ਨੇ ਬਦਲਵੇਂ ਰਾਹਾਂ ਤੋਂ ਲੰਘਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੁਪਹਿਰ ਬਾਅਦ ਕਿਸਾਨਾਂ ਵੱਲੋਂ ਜਾਮ ਖੋਲ੍ਹੇ ਜਾਣ ’ਤੇ ਜਾਮ ’ਚ ਫਸੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਦੇ ਰੋਹਤਕ ਦੌਰੇ ਦੌਰਾਨ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ। ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ। ਇਸ ਲਾਠੀਚਾਰਜ ਦਾ ਜਿਵੇਂ ਹੀ ਕਿਸਾਨ ਮੋਰਚਿਆਂ ਤੇ ਟੌਲ ਪਲਾਜ਼ਿਆਂ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਲੱਗਿਆ ਤਾਂ ਭਾਵਦੀਨ ਟੌਲ ਪਲਾਜ਼ੇ ’ਤੇ ਕਿਸਾਨਾਂ ਨੇ ਰਾਤ ਨੂੰ ਹੀ ਰੋਡ ਜਾਮ ਕਰ ਦਿੱਤੀ। ਅੱਜ ਦੁਪਹਿਰ ਬਾਅਦ ਕਿਸਾਨਾਂ ਨੇ ਜਾਮ ਖੁੱਲ੍ਹ ਦਿੱਤਾ। ਜਾਮ ਦੌਰਾਨ ਬਰਾਤ, ਮਰੀਜ਼ਾਂ ਤੇ ਮਹਿਲਾਵਾਂ ਨੂੰ ਨਹੀਂ ਰੋਕਿਆ ਗਿਆ।