ਪੱਤਰ ਪ੍ਰੇਰਕ
ਜੀਂਦ, 20 ਨਵੰਬਰ
ਇਥੇ ਡਿਟੈਕਟਿਵ ਸਟਾਫ ਜੀਂਦ ਦੀ ਟੀਮ ਦੁਆਰਾ ਫੜੇ 6 ਇਨਾਮੀਂ ਅਪਰਾਧੀ ਨੇ ਪੁਲੀਸ ਰਿਮਾਂਡ ਦੇ ਦੌਰਾਨ ਲਗਪਗ ਦਰਜਨਾਂ ਵਾਰਦਾਤਾਂ ਕਬੂਲ ਕੀਤੀਆਂ ਹਨ। ਪੁਲੀਸ ਨੇ ਸਾਰੇ ਅਪਰਾਧੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਅਪਰਾਧੀਆਂ ਤੋਂ ਪੁੱਛ-ਗਿੱਛ ਕਰਦੇ ਹੋਏ ਡਿਟੈਕਟਿਵ ਸਟਾਫ ਦੇ ਸਮਰਜੀਤ ਸਿੰਘ ਅਤੇ ਥਾਨਾ ਸਦਰ ਪ੍ਰਭਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਖਰਕਰਾਮਜੀ ਦੇ ਸੁਨੀਲ ਉਰਫ ਸੀਲਾ, ਪਿੰਡ ਪਾਈ ਦੇ ਨਵੀਨ ਉਰਫ ਬੱਬਲ, ਬਿਟਾਨਾ ਪਿੰਡ ਦੇ ਸੰਜੀਵ ਉਰਫ ਸਚਿਨ, ਸ਼ਾਮਲੋਂ ਕਲਾਂ ਨਿਵਾਸੀ ਸ਼ਿਵਮ ਉਰਫ ਸਤੀਸ਼, ਸਿੰਧਵੀਖੇੜਾ ਪਿੰਡ ਦੇ ਸੋਮਵੀਰ ਅਤੇ ਨਿਜ਼ਾਮਪੁਰ ਪਿੰਡ ਦੇ ਸਾਹਿਲ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਦੌਰਾਨ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਬੂਲਿਆ ਕਿ 19 ਮਈ 2020 ਨੂੰ ਉਨ੍ਹਾਂ ਨੇ ਉਕਲਾਨਾ ਏਰੀਏ ਵਿੱਚ ਆਰਪੀਐਫ ਦੇ ਐੱਸਆਈ ਮੁਨੀਸ਼ ਸਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਇਸੇ ਪ੍ਰਕਾਰ 23 ਜੂਨ ਨੂੰ ਪਿੰਡ ਖਰਕਰਾਮਜੀ ਵਿੱਚ ਸੁਮਿਤ ਨਿਵਾਸੀ ਗਤੌਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 14 ਜੁਲਾਈ ਨੂੰ ਭਿਵਾਨੀ ਦੇ ਪਿੰਡ ਚਾਂਗ ਵਿੱਚ ਇੱਕ ਪਟਰੋਲ ਪੰਪ ਦੇ ਸੈਲਜ਼ਮੈਨ ਤੋਂ 1 ਲੱਖ 7 ਹਜਾਰ 23 ਰੁਪਏ ਤੇ 21 ਜੁਲਾਈ ਨੂੰ ਤੋਸ਼ਾਮ ਏਰੀਏ ਵਿੱਚ ਇੱਕ ਪਟਰੋਲ ਪੰਪ ਤੋਂ 96 ਹਜ਼ਾਰ ਰੁਪਏ ਖੋਹੇ ਸਨ ਤੇ 26 ਜੁਲਾਈ ਨੂੰ ਪਿੰਡ ਕਿਲੌਈ ਦੇ ਪਟਰੋਲ ਪੰਪ ਤੋਂ 2500 ਰੁਪਏ ਦਾ ਡੀਜ਼ਲ ਵੀ ਪਵਾਇਆ ਤੇ ਉੱਥੋਂ 25 ਹਜ਼ਾਰ ਰੁਪਏ ਦੀ ਲੁੱਟ ਕੀਤੀ। ਇਸੇ ਪ੍ਰਕਾਰ ਇਨ੍ਹਾਂ ਅਪਰਾਧੀਆਂ ਨੇ ਹੋਰ ਕਈ ਵਾਰਦਾਤਾਂ ਮੰਨੀਆਂ।