ਦਵਿੰਦਰ ਸਿੰਘ
ਯਮੁਨਾਨਗਰ, 28 ਅਪਰੈਲ
ਬਰਸਾਤਾਂ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਜਿੱਠਣ ਲਈ ਨਗਰ ਨਿਗਮ ਨੇ ਨਾਲਿਆਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ । ਅੱਜ ਨਗਰ ਨਿਗਮ ਦੀ ਟੀਮ ਨੇ ਗੁਰੂ ਨਾਨਕ ਖਾਲਸਾ ਕਾਲਜ ਰੋਡ ਤੋਂ ਬਾਢੀ ਮਾਜਰਾ ਰੋਡ ਤੱਕ ਬਣੀ ਡਰੇਨ ਤੋਂ ਨਾਜਾਇਜ਼ ਕਬਜ਼ੇ ਹਟਾਏ । ਨਿਗਮ ਦੀ ਟੀਮ ਨੇ ਜੇਸੀਬੀ ਦੀ ਮਦਦ ਨਾਲ ਨਾਲੀਆਂ ’ਤੇ ਬਣੇ ਥੜ੍ਹਿਆਂ, ਸਲੈਬਾਂ ਅਤੇ ਰੈਂਪਾਂ ਨੂੰ ਢਾਹ ਦਿੱਤਾ । ਲੋਕਾਂ ਨੇ ਇਨ੍ਹਾਂ ਨਾਲੀਆਂ ਅਤੇ ਡਰੇਨਾਂ ’ਤੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਕਰਕੇ ਆਮ ਲੋਕਾਂ ਨੂੰ ਮੀਂਹ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਊਂਦੀ ਸੀ । ਨਗਰ ਨਿਗਮ ਦੇ ਵਧੀਕ ਕਮਿਸ਼ਨਰ ਅਸ਼ੋਕ ਕੁਮਾਰ ਅਤੇ ਕਾਰਜਕਾਰੀ ਅਫ਼ਸਰ ਸੁਸ਼ੀਲ ਕੁਮਾਰ ਭੁੱਕਲ ਦੀਆਂ ਹਦਾਇਤਾਂ ’ਤੇ ਸੀਐੱਸਆਈ ਅਨਿਲ ਨੈਨ ਦੀ ਅਗਵਾਈ ਹੇਠ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਵਾਲੀ ਟੀਮ ਦਾ ਗਠਨ ਕੀਤਾ ਗਿਆ। ਟੀਮ ਵਿੱਚ ਸੈਨੇਟਰੀ ਇੰਸਪੈਕਟਰ ਗੋਵਿੰਦ ਸ਼ਰਮਾ, ਬਿੱਟੂ, ਸੁਮਿਤ ਬੈਂਸ, ਬੇਲਦਾਰ ਅਤੇ ਹੋਮਗਾਰਡ ਦੇ ਜਵਾਨ ਸ਼ਾਮਲ ਕੀਤੇ ਗਏ ਹਨ। ਨਗਰ ਨਿਗਮ ਦੀ ਇਸ ਟੀਮ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਖਾਲਸਾ ਕਾਲਜ ਰੋਡ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ ਹਟਾਏ, ਸੜਕ ’ਤੇ ਰੱਖੇ ਸਾਮਾਨ ਨੂੰ ਜ਼ਬਤ ਕਰ ਲਿਆ। ਇਸ ਮੌਕੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਨਿਗਮ ਦੀ ਇਹ ਟੀਮ ਜੇਸੀਬੀ ਨਾਲ ਵਾਰਡ ਨੰਬਰ 12 ਦੀ ਬਾਢੀ ਮਾਜਰਾ ਰੋਡ ’ਤੇ ਪੁੱਜੀ । ਟੀਮ ਨੇ ਬਾਡੀ ਮਾਜਰਾ ਪੁਲ ਤੋਂ ਲੈ ਕੇ ਤੀਰਥ ਨਗਰ, ਰੂਪ ਨਗਰ ਤੱਕ ਬਣੇ ਨਾਲਿਆਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ।
ਛੇ ਨਾਜਾਇਜ਼ ਉਸਾਰੀਆਂ ਦੁਕਾਨਾਂ ਢਾਹੀਆਂ
ਟੋਹਾਣਾ (ਪੱਤਰ ਪ੍ਰੇਰਕ): ਸ਼ਹਿਰ ਦੇ ਵਿਚਕਾਰੋਂ ਲੰਘਦੀਆਂ ਭਾਖੜਾ ਤੇ ਸਮਾਨਅੰਤਰ ਫਤਿਹਾਬਾਦ ਡਿਸਟਰੀਬਿਊਟਰੀ ਨਹਿਰ ਦੇ ਵਿਚਕਾਰ 30 ਸਾਲ ਪਹਿਲਾਂ ਉਸਾਰੀ ਗਈਆਂ 6 ਦੁਕਾਨਾਂ ਅੱਜ ਦੁਪਹਿਰ ਬਾਦ ਹਰਿਆਣਾ ਸਿੰਚਾਈ ਵਿਭਾਗ ਨੇ ਪੁਲੀਸ ਦੀ ਮਦਦ ਨਾਲ ਦੋ ਬੁਲਡੋਜ਼ਰ ਲਾ ਕੇ ਢਾਹ ਦਿੱਤੀਆਂ। ਇਨ੍ਹਾਂ 6 ਦੁਕਾਨਾਂ ਦੇ ਕਿਰਾਏਦਾਰਾਂ ਮੁਤਾਬਕ ਉਨ੍ਹਾਂ ਨੇ ਨਗਰਪਾਲਿਕਾ ਟੋਹਾਣਾ ਤੋਂ ਕਿਰਾਏਨਾਮੇ ’ਤੇ ਦੁਕਾਨਾਂ ਲਈਆਂ ਸਨ ਤੇ ਉਹ ਹਰ ਮਹੀਨੇ ਦੀਆਂ ਰਸੀਦਾਂ ਸਿੰਚਾਈ ਵਿਭਾਂਗ ਦੇ ਅਧਿਕਾਰੀਆਂ ਨੂੰ ਵਿਖਾਉਂਦੇ ਰਹੇ। ਨਹਿਰੀ ਵਿਭਾਗ ਮੁਤਾਬਕ ਦੋਵਾਂ ਨਹਿਰਾਂ ਦੇ ਵਿਚਕਾਰ ਪੁਲ ਕੋਲ ਪੈਂਦੀ ਜ਼ਮੀਨ ਸਰਕਾਰੀ ਹੈ ਤੇ ਦੁਕਾਨਦਾਰ ਦਾ ਕਬਜ਼ਾ ਨਾਜਾਇਜ਼ ਹੈ। ਦੁਕਾਨਦਾਰਾਂ ਨੂੰ ਚਾਰ ਸਾਲਾਂ ਤੋਂ ਨੋਟਿਸ ਦਿੱਤੇ ਜਾ ਰਹੇ ਹਨ। ਪੀੜਤ ਦੁਕਾਨਦਾਰਾ ਨੇ ਦੱਸਿਆ ਕਿ 29 ਅਪਰੈਲ ਤਕ ਦੁਕਾਨਾਂ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ ਪਰ ਪੁਲੀਸ ਤੇ ਬੁਲਡੋਜ਼ਰ ਟੀਮ ਨੇ ਇਕ ਦਿੰਨ ਪਹਿਲਾਂ ਹੀ ਦੁਕਾਨਾਂ ਢਾਹ ਦਿੱਤੀਆਂ।