ਪੱਤਰ ਪ੍ਰੇਰਕ
ਯਮੁਨਾਨਗਰ, 16 ਜੂਨ
ਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਦੱਸਿਆ ਕਿ ਦਿੱਲੀ ਦੀ ਤਰਜ਼ ’ਤੇ ਜ਼ਿਲ੍ਹਾ ਯਮੁਨਾਨਗਰ ਦੀਆਂ ਚਾਰ ਹੱਦਾਂ ’ਤੇ ਚਾਰ ਸਵਾਗਤੀ ਗੇਟ ਬਣਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਲਗਭਗ 99.84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਦੋ ਗੇਟਾਂ ਦੇ ਡਿਜ਼ਾਈਨ ਤਿਆਰ ਹੋ ਚੁੱਕੇ ਹਨ ਅਤੇ ਇਹ ਗੇਟ ਸਹਾਰਨਪੁਰ ਰੋਡ ’ਤੇ ਪਾਂਸਰਾ ਅਤੇ ਕੁਰੂਕਸ਼ੇਤਰ ਰੋਡ ਤੇ ਕਸਬਾ ਦਾਮਲਾ ਦੇ ਨਜ਼ਦੀਕ ਬਣਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਦੋ ਗੇਟ ਅੰਬਾਲਾ ਰੋਡ ’ਤੇ ਕੈਲ ਅਤੇ ਜਗਾਧਰੀ ਪਾਉਂਟਾ ਸਾਹਿਬ ਮਾਰਗ ’ਤੇ ਮਾਣਕਪੁਰ ਲਾਗੇ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਦੇ ਟੈਂਡਰ ਮੰਗੇ ਗਏ ਹਨ। ਸ੍ਰੀ ਚੌਹਾਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕਾਂ ਨੂੰ ਚਾਰੀ ਮਾਰਗੀ ਕਰਨ ਤੋਂ ਬਾਅਦ ਇਹ ਸੁਆਗਤੀ ਗੇਟਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਹ ਮਹਾਰਿਸ਼ੀ ਬਾਲਮੀਕਿ, ਸੰਤ ਰਵੀਦਾਸ, ਯਮੁਨਾ ਮਇਆ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਹੋਣਗੇ ਅਤੇ ਇਨ੍ਹਾਂ ਉੱਪਰ ਅੰਗਰੇਜ਼ੀ ਵਿੱਚ ਵੈੱਲਕਮ ਟੂ ਮਿਉਂਸਿਪਲ ਕਾਰਪੋਰੇਸ਼ਨ ਯਮੁਨਾਨਗਰ-ਜਗਾਧਰੀ ਲਿਖਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫੈਸਲਾ 26 ਨਵੰਬਰ ਦੀ ਹਾਊਸ ਮੀਟਿੰਗ ਵਿੱਚ ਲਿਆ ਜਾ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਗੇਟ ਸ਼ਹਿਰ ਦੀ ਦਿੱਖ ਨੂੰ ਬਦਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਸੁੰਦਰਤਾ ਲਈ ਹੋਰ ਉਪਰਾਲੇ ਕੀਤੇ ਜਾਣਗੇ।