ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਅਕਤੂਬਰ
ਇਥੇ ਬੀਤੀ ਸ਼ਾਮ ਸੀਐੱਮ ਫਲਾਇੰਗ ਟੀਮ ਨੇ ਬਾਬੈਨ ਦੇ ਪਿੰਡ ਰਾਮ ਸ਼ਰਣ ਮਾਜਰਾ ਰੋਡ ਤੇ ਇਕ ਰਸਗੁੱਲੇ ਬਣਾਉਣ ਵਾਲੀ ਫੈਕਟਰੀ ਵਿੱਚ ਛਾਪੇ ਮਾਰ ਕੇ ਰਸਗੁੱਲੇ, ਗੁਲਾਬ ਜਾਮਨ ਦੇ ਸੈਂਪਲ ਲਏ।
ਵਿਜੀਲੈਂਸ ਇੰਸਪੈਕਟਰ ਅਨਿਸ਼ ਮਲਿਕ ਤੇ ਫੂਡ ਸੇਫਟੀ ਅਧਿਕਾਰੀ ਡਾ. ਸੰਦੀਪ ਤੇ ਹਿਤੇਂਦਰ ਗੌਤਮ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਕਰਕੇ ਬਾਬੈਨ ਦੇ ਹਲਵਾਈਆਂ ਵਿਚ ਹੜਕੰਪ ਮਚ ਗਿਆ ਤੇ ਕਈ ਹਲਵਾਈ ਦੁਕਾਨਾਂ ਬੰਦ ਕਰਕੇ ਨਿਕਲ ਗਏ।
ਇੰਸਪੈਕਟਰ ਅਨਿਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਾਬੈਨ ਵਿਚ ਚਲ ਰਹੀ ਰਸਗੁੱਲੇ ਤੇ ਗੁਲਾਬ ਜਾਮਨ ਦੀ ਫੈਕਟਰੀ ਵਿੱਚ ਮਾੜੀ ਕੁਆਲਿਟੀ ਦਾ ਸਾਮਾਨ ਵਰਤਿਆ ਜਾ ਰਿਹਾ ਹੈ, ਜਿਸ ’ਤੇ ਅੱਜ ਉਨਾਂ ਦੀ ਟੀਮ ਨੇ ਛਾਪਾ ਮਾਰ ਕੇ ਉਥੇ ਬਣਾਏ ਜਾ ਰਹੇ ਰਸਗੁਲਿਆਂ ਤੇ ਗੁਲਾਬ ਜਾਮਨ ਦੇ ਸੈਂਪਲ ਲਏ। ਉਨ੍ਹਾਂ ਕਿਹਾ ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬ ਭੇਜਿਆ ਜਾਏਗਾ ਤੇ ਰਿਪੋਰਟ ਆਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਮਿਲਾਵਟੀ ਮਠਿਆਈਆਂ ਦਾ ਧੰਦਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬੰਦ ਕਰਨ ਨਹੀਂ ਤਾਂ ਫੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਦੁਕਾਨਦਾਰ ਸਰਕਾਰੀ ਗਾਈਡ ਲਾਈਨ ਦੇ ਮੁਤਾਬਕ ਮਿਠਾਈ ਨਹੀਂ ਵੇਚੇਗਾ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਏਗੀ।