ਪ੍ਰਭੂ ਦਿਆਲ
ਸਿਰਸਾ, 8 ਅਗਸਤ
ਟਿਊਬਵੈੱਲ ਕੁਨੈਕਸ਼ਨ ਤੇ ਟਰਾਂਸਫਾਰਮਰ ਜਲਦੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਬਰਨਾਲਾ ਰੋਡ ਸਥਿਤ ਬਿਜਲੀ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਆਪਣੀਆਂ ਮੰਗਾਂ ਸਬੰਧੀ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ। ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕੀਤੀ। ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨ ਬਿਜਲੀ ਨਿਗਮ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ। ਕਿਸਾਨਾਂ ਨੇ ਆਪਣੀਆਂ ਸਥਾਨਕ ਮੰਗਾਂ ਟਿਊਬਵੈੱਲਾਂ ਦੇ ਜਲਦੀ ਕੁਨੈਕਸ਼ਨ ਦੇਣ, ਸੜੇ ਟਰਾਂਸਫਰਮਰ ਜਲਦੀ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਬਿਜਲੀ ਨਿਗਮ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਟਿਊਬਵੈੱਲਾਂ ਦੇ ਕੁਨੈਕਸ਼ਨਾਂ ਲਈ ਕਿਸਾਨਾਂ ਵੱਲੋਂ ਕਈ-ਕਈ ਸਾਲਾਂ ਤੋਂ ਆਪਣੇ ਪੈਸੇ ਜਮ੍ਹਾਂ ਕਰਵਾਏ ਹੋਏ ਹਨ ਪਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਲਾਲਫੀਤਾਸ਼ਾਹੀ ਕਾਰਨ ਟਿਊਬਵੈੱਲਾਂ ਦੇ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ। ਟਰਾਂਸਫਰਮਰ ਬਦਲਣ ਦੀ ਇਵਜ਼ ’ਚ ਕਿਸਾਨਾਂ ਤੋਂ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਤੰਗ ਕੀਤਾ ਜਾਂਦਾ ਹੈ।