ਪੱਤਰ ਪ੍ਰੇਰਕ
ਯਮੁਨਾਨਗਰ, 20 ਅਕਤੂਬਰ
ਲੋਕਾਂ ਨੂੰ ਪੰਜਾਬੀ ਗੀਤਾਂ ਵਿੱਚ ਕਿਰਦਾਰ ਦਿਵਾਉਣ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਠੱਗਣ ਵਾਲੇ ਪ੍ਰੋਡਕਸ਼ਨ ਸੰਚਾਲਕ ਨੂੰ ਸੀਆਈਏ-2 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ’ਤੇ ਪਹਿਲਾਂ ਵੀ ਪੰਜਾਬ, ਹਰਿਆਣਾ, ਯੂਪੀ ਸਮੇਤ ਕਈ ਹੋਰ ਰਾਜਾਂ ਵਿੱਚ ਧੋਖਾਧੜੀ ਦੇ ਕੇਸ ਦਰਜ ਹਨ। ਮੁਲਜ਼ਮ ਲੋਕਾਂ ਨੂੰ ਵੱਡੇ ਵੱਡੇ ਸੁਫਨੇ ਵਿਖਾ ਕੇ ਠੱਗੀਆਂ ਮਾਰਦਾ ਸੀ। ਸੀਆਈਏ-2 ਟੀਮ ਦੇ ਇੰਚਾਰਜ ਮਹਿਰੂਫ ਅਲੀ ਨੇ ਦੱਸਿਆ ਕਿ ਟੀਮ ਨੇ ਪੰਜਾਬ ਦੇ ਤਰਨਤਾਰਨ ਵਾਸੀ ਬੇਅੰਤ ਸਿੰਘ ਔਜਲਾ ਅਤੇ ਪ੍ਰੀਤ ਔਜਲਾ ਨੂੰ ਰੋਪੜ ਤੋਂ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਪ੍ਰੀਤ ਔਜਲਾ ਦਾ ਮਹਾਮਿਊਜ਼ਿਕ ਐਂਡ ਫਿਲਮ ਪ੍ਰੋਡਕਸ਼ਨ ਹਾਊਸ ਪ੍ਰਾਈਵੇਟ ਲਿਮਟਿਡ ਹੈ ਜਿਸ ਰਾਹੀਂ ਉਸ ਨੇ ਕਈ ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਵੀ ਕੀਤੀ ਹੋਈ ਹੈ। ਪਰ ਦੋਸ਼ ਹੈ ਕਿ ਉਹ ਇਸ ਦੀ ਆੜ ਵਿੱਚ ਲੋਕਾਂ ਨਾਲ ਠੱਗੀਆਂ ਵੀ ਮਾਰ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 24 ਅਪਰੈਲ ਨੂੰ ਮੁਲਜ਼ਮ ਨੇ ਸਰੋਜਨੀ ਕਲੋਨੀ ਵਾਸੀ ਅਤੁਲ ਤੋਂ ਵੀ 25 ਲੱਖ ਰੁਪਏ ਲਏ ਸਨ ਅਤੇ ਪੈਸੇ ਮੰਗਣ ’ਤੇ ਉਸ ਨੇ ਰਕਮ ਵਾਪਸ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇਹ ਗ੍ਰਿਫ਼ਤਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।