ਪੱਤਰ ਪ੍ਰੇਰਕ
ਫਰੀਦਾਬਾਦ, 16 ਜਨਵਰੀ
ਕਾਂਗਰਸ ਨੇ ਸੁਭਾਸ਼ ਚੰਦਰ ਬੋਸ ਅਤੇ ਹੋਰਾਂ ਵਰਗੇ ਹਜ਼ਾਰਾਂ ਕੁਰਬਾਨੀਆਂ ਦੇਣ ਵਾਲਿਆਂ ਨਾਲ ਧੋਖਾ ਕੀਤਾ ਹੈ, ਜਿਨ੍ਹਾਂ ਨੇ ਆਜ਼ਾਦੀ ਲਈ ਆਪਣਾ ਸਭ ਕੁਝ ਵਾਰ ਦਿੱਤਾ। ਕਾਂਗਰਸ ਨੇ ਲੱਖਾਂ ਕੁਰਬਾਨੀਆਂ ਦੇ ਨਾਂ ਸਾਹਮਣੇ ਨਹੀਂ ਆਉਣ ਦਿੱਤੇ, ਜਿਸ ਕਾਰਨ ਭਾਜਪਾ ਨੇ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਭੁੱਲੀਆਂ ਕੁਰਬਾਨੀਆਂ ਦੇ ਨਾਂ ਉਜਾਗਰ ਕਰਕੇ ਦੇਸ਼ ਦੇ ਬੱਚਿਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ। ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਓਮਪ੍ਰਕਾਸ਼ ਧਨਖੜ ਨੇ ਸੀਕਰੀ ਸਥਿਤ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਸੋਹਣਪਾਲ ਸਿੰਘ ਦੇ ਫਾਰਮ ’ਤੇ ਰੱਖੀ ਮੀਟਿੰਗ ’ਚ ਵਰਚੁਅਲ ਤਰੀਕੇ ਨਾਲ ਫਰੀਦਾਬਾਦ ਦੇ ਮਿਲਾਨ ਵਾਟਿਕਾ ’ਚ ਵਾਰਡ ਅਤੇ ਪਿੰਡਾਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਹੀ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ’ਤੇ 23 ਜਨਵਰੀ ਨੂੰ ਸੂਬੇ ਭਰ ’ਚ 7500 ਥਾਵਾਂ ’ਤੇ 6 ਲੱਖ ਲੋਕ ਨੇਤਾ ਜੀ ਅਤੇ ਉਨ੍ਹਾਂ ਦੀ ਆਜ਼ਾਦ ਹਿੰਦ ਫੌਜ ਨਾਲ ਜੁੜੇ ਆਜ਼ਾਦੀ ਘੁਲਾਟੀਆਂ ਨੂੰ ਆਜ਼ਾਦ ਹਿੰਦ ਫੌਜ ਦੀ ਧੁਨ ਗਾ ਕੇ ਯਾਦ ਕਰਨਗੇ। ਸੂਬੇ ਦੇ 6 ਲੱਖ ਲੋਕ 23 ਜਨਵਰੀ ਨੂੰ ਨੇਤਾ ਜੀ ਨੂੰ ਜੈ ਹਿੰਦ ਕਹਿਣਗੇ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਓਮਪ੍ਰਕਾਸ਼ ਧਨਖੜ ਨੇ ਇਨ੍ਹਾਂ ਪ੍ਰੋਗਰਾਮਾਂ ਲਈ 16,000 ਵਰਕਰਾਂ ਦੀ ਡਿਊਟੀ ਲਾਈ ਹੈ। ਇਸ ਦੇ ਲਈ ਸੂਬੇ ਦੇ ਹਰ ਵਾਰਡ ਅਤੇ ਪਿੰਡ ਵਿੱਚ ਨੇਤਾ ਦੀ ਤਸਵੀਰ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਨਾਅਰਿਆਂ ਅਤੇ ਗੀਤਾਂ ਨੂੰ ਵੰਡਿਆ ਗਿਆ ਹੈ। ਇਸ ਸਬੰਧੀ ਹਰ ਥਾਂ ’ਤੇ ਦੋ-ਦੋ ਭਾਜਪਾ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਹਰ ਪ੍ਰੋਗਰਾਮ ਵਿੱਚ 75-75 ਲੋਕ ਹੋਣਗੇ।