ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਮਈ
ਖੇਲੋ ਇੰਡੀਆ ਯੂਥ ਗੇਮ ਮਸ਼ਾਲ ਯਾਤਰਾ ਅੱਜ ਸ਼ਾਮ ਅੰਬਾਲਾ ਛਾਉਣੀ ਦੇ ਵਾਰ ਹੀਰੋਜ਼ ਸਟੇਡੀਅਮ ਪਹੁੰਚੀ, ਜਿੱਥੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇੱਥੋਂ ਐੱਸਡੀਐੱਮ ਅੰਬਾਲਾ ਕੈਂਟ ਡਾ. ਬਲਪ੍ਰੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਮਸ਼ਾਲ ਯਾਤਰਾ ਨੂੰ ਸੁਭਾਸ਼ ਪਾਰਕ ਸਾਹਮਣੇ ਹੋਣ ਵਾਲੇ ਰਾਹਗੀਰੀ ਪ੍ਰੋਗਰਾਮ ਲਈ ਰਵਾਨਾ ਕੀਤਾ। ਸ਼ਹਿਰ ਵਿਚ ਥਾਂ-ਥਾਂ ਖਿਡਾਰੀਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਯਾਤਰਾ ਵਿਜੈ ਚੌਕ ਅਤੇ ਫੁਹਾਰਾ ਚੌਕ ਤੋਂ ਅੰਬਾਲਾ ਕੈਂਟ-ਸਾਹਾ ਨੈਸ਼ਨਲ ਹਾਈਵੇਅ ਤੋਂ ਹੁੰਦੀ ਹੋਈ ਸੁਭਾਸ਼ ਪਾਰਕ ਦੇ ਨੇੜੇ ਰਾਹਗੀਰੀ ਪ੍ਰੋਗਰਾਮ ਦੇ ਸਥਾਨ ’ਤੇ ਪਹੁੰਚੀ। ਇਸ ਪ੍ਰੋਗਰਾਮ ਵਿਚ ਕਮਿਸ਼ਨਰ ਰੇਣੂ ਫੁਲੀਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦੋਂਕਿ ਡੀਸੀ ਵਿਕਰਮ ਸਿੰਘ, ਏਡੀਸੀ ਸਚਿਨ ਗੁਪਤਾ, ਐੱਸਡੀਐੱਮ ਡਾ. ਬਲਪ੍ਰੀਤ ਸਿੰਘ, ਐੱਸਡੀਐੱਮ ਹਿਤੇਸ਼ ਕੁਮਾਰ, ਆਰਟੀਏ ਰਮਿਤ ਯਾਦਵ, ਡੀਐੱਸਪੀ ਜੋਗਿੰਦਰ ਸ਼ਰਮਾ, ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਕਵਿਤਾ ਦੇਵੀ ਆਦਿ ਵੀ ਮੌਜੂਦ ਰਹੇ। ਮਸ਼ਾਲ ਦੇ ਸਵਾਗਤ ਵਿਚ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਖਿਡਾਰੀਆਂ ਨੇ ਜਿਮਨਾਸਟਿਕ, ਗਤਕੇ ਅਤੇ ਯੋਗ ਦੇ ਕਰਤਬ ਦਿਖਾਏ।