ਸਤਪਾਲ ਰਾਮਗੜ੍ਹੀਆ
ਪਿਹੋਵਾ, 20 ਜੁਲਾਈ
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪਿਹੋਵਾ ਤੀਰਥ ਨਗਰੀ ਦੇ ਵਿਕਾਸ ਲਈ ਸ਼ਹਿਰ ਦੇ ਲੋਕਾਂ ਨੇ ਸਹੀ ਟੀਮ ਦੀ ਚੋਣ ਕੀਤੀ ਹੈ| ਇਸ ਟੀਮ ਨਾਲ ਮਿਲ ਕੇ ਪਿਹੋਵਾ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਸ਼ਹਿਰ ਦੇ ਵਿਕਾਸ ਲਈ ਪੈਸੇ ਦੀ ਕਦੇ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਖੇਡ ਮੰਤਰੀ ਸੰਦੀਪ ਸਿੰਘ ਅੱਜ ਪਿਹੋਵਾ ਨਗਰ ਪਾਲਿਕਾ ਵਿੱਚ ਚੇਅਰਮੈਨ ਆਸ਼ੀਸ਼ ਚੱਕਰਪਾਣੀ ਅਤੇ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਐੱਸਡੀਐੱਮ ਸੋਨੂੰ ਰਾਮ ਨੇ ਚੇਅਰਮੈਨ ਅਸ਼ੀਸ਼ ਚੱਕਰਪਾਣੀ ਅਤੇ ਕੌਂਸਲਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਨੇ ਚੇਅਰਮੈਨ ਆਸ਼ੀਸ਼ ਚੱਕਰਪਾਣੀ ਨੂੰ ਆਪਣੀ ਕੁਰਸੀ ’ਤੇ ਬਿਠਾਇਆ। ਖੇਡ ਮੰਤਰੀ ਨੇ ਚੇਅਰਮੈਨ ਅਤੇ ਨਗਰ ਕੌਂਸਲਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਏਕ-ਹਰਿਆਣਵੀ ਏਕ ਅਤੇ ਸਬਕਾ ਸਾਥ-ਸਬਕਾ ਵਿਕਾਸ ਨੀਤੀ ਤਹਿਤ ਸ਼ਹਿਰ ਦੇ ਸਾਰੇ 17 ਵਾਰਡਾਂ ਵਿੱਚ ਵਿਕਾਸ ਕਰਵਾਇਆ ਜਾਵੇਗਾ। ਨਵ-ਨਿਯੁਕਤ ਨਗਰ ਪਾਲਿਕਾ ਪ੍ਰਧਾਨ ਅਸ਼ੀਸ਼ ਚੱਕਰਪਾਣੀ ਨੇ ਸਮੂਹ ਪਿਹੋਵਾ ਸਬ-ਡਿਵੀਜ਼ਨ ਦੇ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦਾ ਛੇਤੀ ਹੱਲ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਰਾਕੇਸ਼ ਪੁਰੋਹਿਤ, ਰਾਮਧਾਰੀ ਸ਼ਰਮਾ ਮੌਜੂਦ ਸਨ।
ਇਨ੍ਹਾਂ ਕੌਂਸਲਰਾਂ ਨੂੰ ਚੁਕਾਈ ਗਈ ਸਹੁੰ
ਉਪ ਮੰਡਲ ਅਧਿਕਾਰੀ ਨਾਗਰਿਕ ਸੋਨੂੰ ਰਾਮ ਨੇ ਬੁੱਧਵਾਰ ਨੂੰ ਨਗਰ ਪਾਲਿਕਾ ਪਿਹੋਵਾ ਦੇ ਨਵ-ਨਿਯੁਕਤ ਪ੍ਰਧਾਨ ਅਸ਼ੀਸ਼ ਚੱਕਰਪਾਣੀ ਅਤੇ 17 ਵਾਰਡਾਂ ਦੇ ਕੌਂਸਲਰਾਂ ਲਾਭ ਸਿੰਘ, ਮਨਿੰਦਰ ਕੌਰ, ਪਿੰਕੀ, ਦੀਪਿਕਾ ਸ਼ਰਮਾ, ਜੋਤੀ, ਵਿਕਾਸ ਕੁਮਾਰ, ਫੂਲ ਸਿੰਘ, ਗਗਨਦੀਪ, ਰਵੀਕਾਂਤ , ਪਰਾਗ, ਜੈਪਾਲ ਸ਼ਰਮਾ, ਸਾਰਿਕਾ ਕੌਸ਼ਿਕ, ਦੀਪਕ ਪ੍ਰਕਾਸ਼, ਦਰਸ਼ਨਾ ਰਾਣੀ, ਸਵਰਨ ਕੌਰ, ਰਾਜੇਸ਼ ਕੁਮਾਰ ਅਤੇ ਪ੍ਰਿੰਸ ਗਰਗ ਨੂੰ ਪਿਹੋਵਾ ਨਗਰਪਾਲਿਕਾ ਦਫ਼ਤਰ ਵਿੱਚ ਸਹੁੰ ਚੁਕਾਈ ਗਈ |