ਦੇਵਿੰਦਰ ਸਿੰਘ
ਯਮੁਨਾਨਗਰ, 3 ਮਈ
ਸ਼ਹਿਰ ਦੀ ਸਭ ਤੋਂ ਪੁਰਾਣੀ, ਸਭ ਤੋਂ ਵੱਡੀ ਅਤੇ ਮਸ਼ਹੂਰ ਉਦਯੋਗਿਕ ਇਕਾਈ ਬੱਲਾਰਪੁਰ ਇੰਡਸਟਰੀਜ਼ ਲਿਮਿਟਡ (ਪੇਪਰ ਮਿੱਲ ਯਮੁਨਾਨਗਰ) ਨੂੰ ਟੁਕੜਿਆਂ ਵਿੱਚ ਵੇਚਣ ਦੀ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਇਸ ਨੂੰ ਵੇਚਣ ਦਾ ਰਾਹ ਪੱਧਰਾ ਹੋ ਗਿਆ ਹੈ। ਮਿੱਲ ਦੇ ਵਿਕਣ ਨਾਲ ਲੋਕਾਂ ਨੂੰ ਬਹੁਤ ਅਫਸੋਸ ਹੋਇਆ ਹੈ। ਇੱਥੋਂ ਦੇ ਵਸਨੀਕ ਲੰਮੇ ਸਮੇਂ ਤੱਕ ਇਹ ਨਹੀਂ ਭੁੱਲਣਗੇ ਕਿ ਇਸ ਪੇਪਰ ਮਿੱਲ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਇਸ ਮਿੱਲ ਦੇ ਹੂਟਰ ਦੀ ਆਵਾਜ਼ ਲਗਪਗ 13 ਕਿਲੋਮੀਟਰ ਤੱਕ ਸੁਣਾਈ ਦਿੰਦੀ ਸੀ ਅਤੇ ਲੋਕ ਆਪਣੀਆਂ ਘੜੀਆਂ ਇਸ ਤੋਂ ਹੀ ਸੈੱਟ ਕਰਦੇ ਸਨ। ਜਾਣਕਾਰੀ ਮੁਤਾਬਕ, ਲਾਅ ਟ੍ਰਿਬਿਊਨਲ ਨੇ ਫਿਨਕੁਐਸਟ ਕੰਪਨੀ ਦੀ ਤਜਵੀਜ਼ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। ਇਸ ਤਜਵੀਜ਼ ਤਹਿਤ ਟ੍ਰਿਬਿਊਨਲ ਨੇ ਪੈਸੇ ਦੇ ਭੁਗਤਾਨ ਅਤੇ ਹੋਰ ਨੁਕਤਿਆਂ ਬਾਰੇ ਜਵਾਬ ਮੰਗਿਆ ਸੀ, ਜਿਸ ਦਾ ਕੰਪਨੀ ਨੇ ਟ੍ਰਿਬਿਊਨਲ ਨੂੰ ਬਣਦਾ ਜਵਾਬ ਵੀ ਦਿੱਤਾ ਹੈ। ਜਿਸ ਤੋਂ ਬਾਅਦ ਪੇਪਰ ਮਿੱਲ ਨੂੰ ਵੇਚਣ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ । ਪੇਪਰ ਮਿੱਲ ਨੂੰ ਵੇਚਣ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਸਾਰੇ ਕਰਮਚਾਰੀਆਂ ਅਤੇ ਮੈਨੇਜਮੈਂਟ ਨਾਲ ਜੁੜੇ ਲੋਕਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ ਅਤੇ ਮਿਲ ਦੇ ਲਿਕਵੀਡੇਟਰ ਰਵੀ ਸੇਤੀਆ ਨੂੰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੀ ਦੇਖ-ਰੇਖ ਵਿੱਚ ਪੇਪਰ ਮਿੱਲ ਨੂੰ ਵੇਚਣ ਦੀ ਸਾਰੀ ਪ੍ਰਕਿਰਿਆ ਚੱਲੇਗੀ । ਕੰਪਨੀ ਨੂੰ ਟੁਕੜਿਆਂ ਵਿੱਚ ਵੇਚਣ ਸਬੰਧੀ ਹੁਕਮ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ 25 ਜਨਵਰੀ ਨੂੰ ਜਾਰੀ ਕੀਤਾ ਸੀ, ਜਿਸ ਦਾ ਫਿਨਕੁਐਸਟ ਕੰਪਨੀ ਨੇ ਵਿਰੋਧ ਕਰਦਿਆਂ ਇਸ ਖ਼ਿੱਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਟ੍ਰਿਬਿਊਨਲ ਨੇ ਸਵੀਕਾਰ ਕਰ ਲਿਆ ਸੀ।
ਪੇਪਰ ਮਿੱਲ ’ਤੇ ਹੈ ਤਿੰਨ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ
ਪੇਪਰ ਮਿੱਲ ’ਤੇ ਲਗਪਗ ਤਿੰਨ ਹਜ਼ਾਰ ਕਰੋੜ ਦਾ ਕਰਜ਼ਾ ਹੈ। ਇਹ ਕਰਜ਼ੇ 19 ਵੱਖ-ਵੱਖ ਦੇਸ਼ੀ ਅਤੇ ਵਿਦੇਸ਼ੀ ਬੈਂਕਾਂ ਤੋਂ ਲਏ ਗਏ ਸਨ। ਪੇਪਰ ਮਿੱਲ ’ਤੇ ਫਿਨਕੁਐਸਟ ਕੰਪਨੀ ਦੀ ਵੀ ਕਰੀਬ 175 ਕਰੋੜ ਰੁਪਏ ਦੀ ਦੇਣਦਾਰੀ ਹੈ। ਇਸੇ ਕਰਕੇ ਇਸ ਕੰਪਨੀ ਕੋਲ ਸੀਓਸੀ ਦੀ ਮੀਟਿੰਗ ਵਿੱਚ ਲਗਪਗ 15 ਫੀਸਦੀ ਵੋਟਿੰਗ ਅਧਿਕਾਰ ਸੀ। ਕਰੀਬ 200 ਏਕੜ ਰਕਬੇ ਵਿੱਚ ਫੈਲੀ ਇਹ ਪੇਪਰ ਮਿੱਲ ਦੇਸ਼ ਦੀ ਸਭ ਤੋਂ ਵੱਡੀ ਅਤੇ ਵਧੀਆ ਗੁਣਵੱਤਾ ਵਾਲੀ ਕਾਗਜ਼ ਬਣਾਉਣ ਵਾਲੀ ਫੈਕਟਰੀ ਰਹੀ ਹੈ। ਬਾਅਦ ਵਿੱਚ ਕਰਜ਼ੇ ਕਾਰਨ ਮਿੱਲ ਦੀ ਆਰਥਿਕ ਹਾਲਤ ਵਿਗੜ ਗਈ ਜਿਸ ਕਰਕੇ ਕੰਪਨੀ ਵੱਲੋਂ ਆਰਜ਼ੀ ਕਾਮਿਆਂ ਨੂੰ ਵੀ ਇੱਥੋਂ ਕੱਢਣਾ ਪਿਆ।