ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਜੂਨ
ਅੰਬਾਲਾ ਕੈਂਟ ਥਾਣੇ ਵਿਚ ਆਪਣੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਸ਼ਿਕਾਇਤ ਦੇਣ ਆਈ ਮਹਿਲਾ ਨੇ ਥਾਣੇ ਦੇ ਬਾਹਰ ਜ਼ਹਿਰ ਨਿਗਲ ਲਿਆ। ਮਹਿਲਾ ਦਾ ਕਹਿਣਾ ਸੀ ਕਿ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਜਾਵੇ। ਪੁਲੀਸ ਦੋਵਾਂ ਧਿਰਾਂ ਨੂੰ ਬੁਲਾ ਕੇ ਜਦੋਂ ਗੱਲਬਾਤ ਕਰ ਰਹੀ ਸੀ ਤਾਂ ਮਹਿਲਾ ਇਸ ਗੱਲ ’ਤੇ ਅੜ ਗਈ ਕਿ ਤੁਰੰਤ ਐੱਫਆਈਆਰ ਦਰਜ ਕਰ ਕੇ ਸਹੁਰਾ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੌਰਾਨ ਉਹ ਥਾਣੇ ਦੇ ਬਾਹਰ ਗਈ ਅਤੇ ਖ਼ੁਦਕੁਸ਼ੀ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਅਫ਼ਰਾ-ਤਫ਼ਰੀ ਵਿਚ ਪੁਲੀਸ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੀ। ਡਾਕਟਰੀ ਸਹਾਇਤਾ ਮਿਲਣ ਤੋਂ ਬਾਅਦ ਉਸ ਦੀ ਜਾਨ ਬਚ ਗਈ ਪਰ ਪੁਲੀਸ ਨੇ ਮਾਮਲੇ ਦੀ ਜਾਂਚ ਅਧਿਕਾਰੀ ਏਐੱਸਆਈ ਸੁਮਨ ਦੀ ਸ਼ਿਕਾਇਤ ’ਤੇ ਮਹਿਲਾ ਦੇ ਖ਼ਿਲਾਫ਼ ਧਾਰਾ 309 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦੋਂਕਿ ਉਸ ਦੇ ਸਹੁਰਾ ਪਰਿਵਾਰ ’ਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।