ਪੱਤਰ ਪ੍ਰੇਰਕ
ਜੀਂਦ, 18 ਸਤੰਬਰ
ਸੂਬਾ ਸਰਕਾਰ ਦੀ ਚਿਰਾਗ ਯੋਜਨਾ ਵਿਰੁੱਧ ਜੀਂਦ ਜ਼ਿਲ੍ਹੇ ਦੇ ਪਿੰਡ ਦਾਲਮਵਾਲਾ ਅਤੇ ਬੋਹਤਵਾਲਾ ਵਿੱਚ ਇੱਕ ਪੰਚਾਇਤ ਕੀਤੀ ਗਈ। ਪੰਚਾਇਤ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਦਾਲਮਵਾਲਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਤਾਲਾ ਜੜ ਦਿੱਤਾ। ਇਸ ਤੋਂ ਬਾਅਦ ਦੋਵੇਂ ਪਿੰਡਾਂ ਦੇ ਪਤਵੰਤਿਆਂ ਦੀ ਹੋਈ ਮੀਟਿੰਗ ਵਿੱਚ ਸਰਕਾਰ ਨੂੰ ਚਿਰਾਗ ਯੋਜਨਾ ਰੱਦ ਕਰਨ ਲਈ ਕਿਹਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਬੋਹਤਵਾਲਾ ਅਤੇ ਦਾਲਮਵਾਲਾ ਦੇ ਕੁੜੀਆਂ ਦੇ ਅੱਠਵੀਂ ਤੱਕ ਦੇ ਸਕੂਲਾਂ ਨੂੰ ਦਾਲਮਵਾਲਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਵਿੱਚ ਮਰਜ ਕਰਨ ਦਾ ਫ਼ੈਸਲਾ ਜਦੋਂ ਤੱਕ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸਕੂਲ ਉੱਤੇ ਤਾਲੇ ਲੱਗੇ ਰਹਿਣਗੇ। ਕੱਲ੍ਹ ਸ਼ਾਮੀਂ ਹੋਈ ਲੋਕਾਂ ਦੀ ਸਾਂਝੀ ਪੰਚਾਇਤ ਵਿੱਚ ਸਮਸ਼ੇਰ ਸਿੰਘ, ਬਲਵੀਰ ਸਿੰਘ, ਸੱਤ ਨਰਾਇਣ, ਗੋਬਿੰਦਾ ਅਤੇ ਅਜਮੇਰ ਆਦਿ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਪਿੰਡ ਦਾਲਮਵਾਲਾ ਅਤੇ ਬੋਹਤਵਾਲਾ ਦੇ ਲੜਕੀਆਂ ਦੇ ਸਕੂਲਾਂ ਨੂੰ ਦਾਲਮਵਾਲਾ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਰਜ ਕਰਨ ਨਾਲ ਦੋਵੇਂ ਸਕੂਲਾਂ ਦੀਆਂ ਲੜਕੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਕਿਸੇ ਵੀ ਕੀਮਤ ਉੱਤੇ ਸਕੂਲਾਂ ਨੂੰ ਮਰਜ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਦੋਵੇਂ ਪਿੰਡਾਂ ਦੇ ਕੰਨਿਆ ਸਕੂਲਾਂ ਨੂੰ ਅੱਪਗ੍ਰੇਡ ਕੀਤਾ ਜਾਵੇ।
ਜਲਾਲਪੁਰ ਕਲਾਂ ਦੇ ਸਕੂਲ ਸਾਹਮਣੇ ਧਰਨਾ ਜਾਰੀ
ਅਧਿਅਪਕਾਂ ਦੀਆਂ ਖਾਲੀ ਅਸਾਮੀਆਂ ਦੀ ਪੂਰਤੀ ਲਈ ਪਿੰਡ ਜਲਾਲਪੁਰ ਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਪਿੰਡ ਵਾਸੀਆਂ ਦਾ ਅੱਜ ਤੀਸਰੇ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪੁਰਸ਼ ਅਤੇ ਮਹਿਲਾਵਾਂ ਸ਼ਾਮਿਲ ਹੋਈਆਂ। ਧਰਨੇ ਦੌਰਾਨ ਲੋਕਾਂ ਨੇ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਧਰਨੇ ਉੱਤੇ ਪਹੁੰਚੇ ਬੀਈਓ ਸੁਸ਼ੀਲ ਜੈਨ ਨੂੰ ਪਿੰਡ ਵਾਸੀਆਂ ਨੇ ਸਕੂਲ ਵਿੱਚ ਖਾਲੀ ਪਏ ਪਦਾਂ ਨੂੰ ਭਰਨ ਲਈ ਸਰਕਾਰ ਦੇ ਨਾਮ ਮੈਮੋਰੰਡਮ ਸੌਂਪਿਆ। ਧਰਨੇ ਦੀ ਅਗਵਾਈ ਕਰ ਰਹੇ ਬਾਰੂ ਰਾਮ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਤਹਿਤ ਵੱਡੇ ਪੈਮਾਨ ਉੱਤੇ ਸਰਕਾਰੀ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹਰਿਆਣਾ ਵਿੱਚ 5 ਹਜ਼ਾਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਇਲਾਵਾ ਹਜ਼ਾਰਾਂ ਸਕੂਲਾਂ ਤੋਂ ਅਧਿਆਪਕਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਪਦ ਹੀ ਖਾਲੀ ਪਏ ਹਨ ਅਤੇ ਕਿਸੇ ਕਿਸੇ ਸਕੂਲ ਵਿੱਚ ਇੱਕ ਹੀ ਵਿਸ਼ੇ ਦੇ ਦੋ-ਦੋ ਅਧਿਆਪਕ ਬਿਠਾ ਰੱਖੇ ਹਨ। ਇਸ ਤੋਂ ਇਹ ਜਾਪਦਾ ਹੈ ਕਿ ਸਰਕਾਰ ਗਰੀਬ ਲੋਕਾਂ ਦੇ ਬੱਚਿਆਂ ਨੂੰ ਅਨਪੜ੍ਹ ਹੀ ਰੱਖਣਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਰੇਸਨਾਈਜੇਸ਼ਨ ਦੇ ਤਹਿਤ ਅਤੇ ਆਨਲਾਈਨ ਟਰਾਂਸਫਰ ਨੀਤੀ ਨਾਲ ਪਿੰਡ ਦੇ ਸਰਕਾਰੀ ਸਕੂਲਾਂ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਤਬਾਦਲੇ ਮਗਰੋਂ ਹੁਣ ਸਕੂਲ ਵਿੱਚ ਗਣਿਤ, ਅੰਗਰੇਜ਼ੀ, ਹਿੰਦੀ ਅਤੇ ਸਮਾਜਿਕ ਗਿਆਨ ਵਿਸ਼ੇ ਦੇ ਅਧਿਆਪਕਾਂ ਦੇ ਪਦ ਖਾਲੀ ਛੱਡ ਦਿੱਤੇ ਗਏ ਹਨ। ਧਰਨਾ ਸਥਾਨ ਉੱਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਮੇਸ਼ ਚੰਦ ਨੇ ਪਹੁੰਚ ਕੇ ਪਾਰਟੀ ਵੱਲੋਂ ਸਮਰਥਨ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਤਬਾਹ ਕਰਨ ਲਈ ਸਰਕਾਰ ਚਿਰਾਗ ਯੋਜਨਾ ਲੈ ਆਈ ਹੈ, ਜਿਹੜੀ ਕਿ ਪ੍ਰਾਈਵੇਟ ਸਕੂਲਾਂ ਨੂੰ ਉਤਸ਼ਾਹ ਕਰ ਰਹੀ ਹੈ। ਧਰਨੇ ’ਤੇ ਬੈਠੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 30 ਸਤੰਬਰ ਤੱਕ ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੇ ਖਾਲੀ ਪਦ ਨਹੀਂ ਭਰੇ ਤਾਂ ਸਮੂਹ ਪਿੰਡ ਵਾਸੀ ਅਣਐਲਾਨੇ ਧਰਨੇ ਉੱਤੇ ਬੈਠ ਜਾਣਗੇ।