ਮਹਾਵੀਰ ਮਿੱਤਲ
ਜੀਂਦ, 16 ਜੁਲਾਈ
ਹਰਿਆਣਾ ਸਕੂਲ ਅਧਿਆਪਕ ਸੰਘ ਦੇ ਸੱਦੇ ’ਤੇ ਜ਼ਿਲ੍ਹੇ ਦੇ ਅਧਿਆਪਕਾਂ ਨੇ ਚਿਰਾਗ ਯੋਜਨਾ ਦੇ ਵਿਰੋਧ ਵਿੱਚ ਇੱਥੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਨੇ ਕਿਹਾ ਕਿ ਸਰਕਾਰ ਸਿੱਖਿਆ ਵਿੱਚ ਵਾਧਾ ਕਰਨ ਦੀ ਬਜਾਏ ਸਰਕਾਰੀ ਸਕੂਲਾਂ ਤੋਂ ਬੱਚਿਆਂ ਨੂੰ ਬਾਹਰ ਕਰਨ ਦੀ ਯੋਜਨਾ ਬਣਾ ਰਹੀ ਹੈ। ਚਿਰਾਗ ਯੋਜਨਾ ਦੇ ਤਹਿਤ ਸਰਕਾਰੀ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਲੈਣ ਵਾਲੇ ਬੱਚਿਆਂ ਦੀ ਫੀਸ ਸਰਕਾਰ ਦੇਵੇਗੀ। ਜੇਕਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਫੀਸ ਸਰਕਾਰ ਦੇਵੇਗੀ ਤਾਂ ਫਿਰ ਸਰਕਾਰੀ ਸਕੂਲਾਂ ਵਿੱਚ ਕੌਣ ਆਵੇਗਾ।
ਇਸੇ ਪ੍ਰਕਾਰ ਨਵੀਂ ਸਥਾਈ ਭਰਤੀ ਕਰਨ ਦੀ ਜਗ੍ਹਾ ’ਤੇ ਸੇਵਾਮੁਕਤ ਅਧਿਆਪਕਾਂ ਨੂੰ ਦੁਬਾਰਾ ਰੱਖਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਦੂਜੇ ਸੂਬਿਆਂ ਤੋਂ ਵੀ ਟੀਚਰਾਂ ਨੂੰ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਉਣ ਲਈ ਬੁਲਾਇਆ ਜਾ ਰਿਹਾ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਸਕੱਤਰ ਮਾਮਰਾਜ ਜਾਂਗੜਾ ਅਤੇ ਜ਼ਿਲ੍ਹਾ ਖਜ਼ਾਨਚੀ ਭੂਪ ਸਿੰਘ ਵਰਮਾ ਨੇ ਕਿਹਾ ਕਿ 5 ਕਿਲੋਮੀਟਰ ਦੇ ਅੰਦਰ ਆਉਣ ਵਾਲੇ 500 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਮਰਜ ਕਰਨ ਦੀ ਯੋਜਨਾ, ਕੰਨਿਆ ਅਤੇ ਸਹਿ-ਸਿੱਖਿਆ ਸਕੂਲਾਂ ਦਾ ਮਰਜ, ਪਹਿਲੀ ਤੋਂ 12ਵੀਂ ਤੱਕ ਦੇ ਇੱਕ ਪਿੰਡ ਦੇ ਸਾਰੇ ਸਕੂਲਾਂ ਦਾ ਮਰਜ, ਬੱਚਿਆਂ ਨੂੰ 3 ਸਾਲਾਂ ਤੋਂ ਕਿਤਾਬਾਂ ਨਹੀਂ ਦੇਣਾ, 6 ਸਾਲਾਂ ਤੋਂ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਨਹੀਂ ਕਰਨਾ, ਮੇਵਾਤ ਵਿੱਚ ਐੱਨਜੀਓ ਦੁਆਰਾ ਅਧਿਆਪਕਾਂ ਦੀ ਅਸਥਾਈ ਭਰਤੀ ਕਰਨਾ, ਕਈ ਸਾਲਾਂ ਤੋਂ ਅਧਿਆਪਕਾਂ ਦੀ ਨਿਯਮਿਤ ਭਰਤੀ ਨਾ ਕਰਨਾ ਆਦਿ ਦਾ ਅਧਿਆਪਕ ਸੰਘ ਪੂਰਾ ਵਿਰੋਧ ਕਰੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਇਨ੍ਹਾਂ ਯੋਜਨਾਵਾਂ ਨੂੰ ਤੁਰੰਤ ਵਾਪਸ ਲੈ ਕੇ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਰੋਹਤਾਸ, ਮਹਿੰਦਰ ਗੌਤਮ, ਰਾਮਫਲ ਨਾਗਰ, ਪ੍ਰਮਾਤਮਾ ਪ੍ਰਸ਼ਾਦ, ਸਤਿੰਦਰ ਗੌਤਮ ਅਤੇ ਮਹਾਵੀਰ ਪੋਪੜਾ ਆਦਿ ਹਾਜ਼ਰ ਸਨ।