ਜਗਤਾਰ ਸਮਾਲਸਰ
ਏਲਨਾਬਾਦ, 4 ਜੂਨ
ਇੱਥੋਂ ਦੇ ਪਿੰਡ ਲੁਦੇਸਰ ਕੋਲ ਅੱਜ ਬਰਵਾਲੀ ਨਹਿਰ ਟੁੱਟਣ ਕਾਰਨ ਕਰੀਬ 100 ਏਕੜ ਨਰਮੇ ਦੀ ਫ਼ਸਲ ਖਰਾਬ ਹੋ ਗਈ। ਨਹਿਰ ਦਾ ਪਾਣੀ ਖੇਤਾਂ ਦੇ ਬੋਰਵੈੱਲਾਂ ਵਿੱਚ ਪੈਣ ਕਾਰਨ ਵੀ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਨਹਿਰ ਟੁੱਟਣ ਦੀ ਸੂਚਨਾ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਨ੍ਹਾਂ ਨਹਿਰ ਨੂੰ ਪਿੱਛੋਂ ਬੰਦ ਕਰਵਾ ਕੇ ਨਹਿਰ ਵਿੱਚ ਪਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਪਰ ਇਹ ਪਾੜ ਕਰੀਬ 80 ਫੁੱਟ ਚੌੜਾ ਹੋਣ ਕਾਰਨ ਨਹਿਰ ਨੂੰ ਬੰਨ੍ਹਣ ਵਿੱਚ ਕਾਫੀ ਸਮਾਂ ਲੱਗ ਗਿਆ।
ਭਜਨ ਲਾਲ, ਬੰਸੀ ਲਾਲ, ਜੈਵੀਰ, ਰਾਜਪਾਲ ਸਹਾਰਨ, ਸੌਰਭ ਹੰਸਰਾਜ ਜਾਂਗੜਾ ਤੇ ਬਲਵਾਨ ਸਮੇਤ ਕਈ ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਮਹਿੰਗੇ ਭਾਅ ਦਾ ਬੀਜ ਖਰੀਦ ਕੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ ਪਰ ਨਹਿਰ ਟੁੱਟਣ ਨਾਲ ਕਿਸਾਨਾਂ ਦੀ ਕਰੀਬ 100 ਏਕੜ ਵਿੱਚ ਖੜ੍ਹੀ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਖਰਾਬ ਹੋ ਗਈ।
ਕਿਸਾਨਾਂ ਨੇ ਆਖਿਆ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਹੀ ਬਿਜਾਈ ਕੀਤੀ ਸੀ। ਅਜੇ ਨਰਮਾ ਕਾਫੀ ਛੋਟਾ ਹੋਣ ਕਾਰਨ ਅਤੇ ਪਾਣੀ ਭਰਨ ਨਾਲ ਫ਼ਸਲ ਖਰਾਬ ਹੋ ਚੁੱਕੀ ਹੈ। ਉਨ੍ਹਾਂ ਦੇ ਖੇਤਾਂ ਵਿੱਚ ਲੱਗੇ ਬੋਰਵੈੱਲਾਂ ਵਿੱਚ ਵੀ ਪਾਣੀ ਭਰ ਗਿਆ ਹੈ ਅਤੇ ਉਹ ਬਿਲਕੁਲ ਖ਼ਰਾਬ ਹੋ ਗਏ ਹੈ। ਕਿਸਾਨਾਂ ਨੇ ਨਹਿਰ ਟੁੱਟਣ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।