ਪੱਤਰ ਪ੍ਰੇਰਕ
ਕਾਲਾਂਵਾਲੀ, 7 ਸਤੰਬਰ
ਖੇਤਰ ਦੇ ਪਿੰਡ ਸਾਹੂਵਾਲਾ ਫਸਟ ਦੇ ਨੇੜੇ ਰਾਸ਼ਟਰੀ ਰਾਜ ਮਾਰਗ ਨੰਬਰ 9 ’ਤੇ ਹੋਏ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੂਜਾ ਜ਼ਖ਼ਮੀ ਹੋ ਗਿਆ ਹੈ| ਜ਼ਖ਼ਮੀ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਮਿਲੀ ਜਾਣਕਾਰੀ ਅਨੁਸਾਰ ਪਿੰਡ ਭੋਡਾ ਹੋਸਨਾਕ ਦੀ ਗਊਸ਼ਾਲਾ ਵਿੱਚ ਕੰਮ ਕਰਨ ਵਾਲਾ ਬਿਹਾਰ ਵਾਸੀ ਕੁਮਾਰ ਬੁੱਚੀ ਮੁਖੀਆ ਆਪਣੇ ਸਾਲੇ ਗੋਪਾਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਕਸਬਾ ਔਢਾਂ ਆਇਆ ਹੋਇਆ ਸੀ| ਵਾਪਸ ਜਾਣ ਸਮੇਂ ਪਿੰਡ ਸਾਹੂਵਾਲਾ ਫਸਟ ਦੇ ਕੋਲ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ’ਚ ਵੱਜਾ| ਇਸ ਹਾਦਸੇ ਵਿੱਚ ਕੁਮਾਰ ਬੁੱਚੀ ਦੀ ਮੌਤ ਹੋ ਗਈ ਜਦੋਂਕਿ ਗੋਪਾਲ ਜ਼ਖ਼ਮੀ ਹੋ ਗਿਆ| ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਬੜਾਗੁੜਾ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ| ਪੁਲੀਸ ਵੱਲੋਂ ਮ੍ਰਿਤਕ ਕੁਮਾਰ ਬੁੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ ਅਤੇ ਜ਼ਖ਼ਮੀ ਗੋਪਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ|