ਜਗਤਾਰ ਸਮਾਲਸਰ
ਏਲਨਾਬਾਦ, 10 ਸਤੰਬਰ
ਸਿੱਖਿਆ ਵਿਭਾਗ ਸੂਬੇ ਦੇ ਸਕੂਲਾਂ ਨਾਲ ਮਜ਼ਾਕ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਵਿਭਾਗ ਵੱਲੋਂ ਕੀਤੇ ਗਏ ਆਨਲਾਈਨ ਤਬਾਦਲੇ ਦੇ ਪੋਰਟਲ ਵਿੱਚ ਕਈ ਦਿੱਕਤਾਂ ਆਉਣ ਕਾਰਨ ਪਹਿਲਾਂ ਹੀ ਸੰਕਟ ਪੈਦਾ ਹੋ ਚੁੱਕਾ ਹੈ। ਹੁਣ ਵਿਭਾਗ ਨੇ ਆਪਣਾ ਅਕਸ ਹੋਰ ਗੰਦਲਾ ਕਰਦੇ ਹੋਏ ਏਲਨਾਬਾਦ ਬਲਾਕ ਦੇ ਪਿੰਡ ਕਾਸ਼ੀ ਕਾ ਬਾਸ ਦੇ ਸੈਕੰਡਰੀ ਸਕੂਲ ਵਿੱਚ ਇੱਕ ਮ੍ਰਿਤਕ ਸੰਸਕ੍ਰਿਤ ਦੀ ਅਧਿਆਪਕ ਦੀ ਨਿਯੁਕਤੀ ਕੀਤੀ ਹੈ। ਵਿਭਾਗ ਵੱਲੋਂ ਮਰਹੂਮ ਹੰਸ ਰਾਜ ਸੰਸਕਿ੍ਰਤ ਅਧਿਆਪਕ ਦਾ ਤਬਾਦਲਾ ਔਢਾਂ ਬਲਾਕ ਦੇ ਸਾਲਮਖੇੜਾ ਪਿੰਡ ਦੇ ਸਕੂਲ ਤੋਂ ਕਾਸ਼ੀ ਕਾ ਬਾਸ (ਏਲਨਾਬਾਦ) ਵਿੱਚ ਕਰ ਦਿੱਤਾ ਹੈ। ਅੱਜ ਪਿੰਡ ਕਾਸੀ ਕਾ ਬਾਸ ਦੇ ਲੋਕਾਂ ਪ੍ਰਹਿਲਾਦ ਭਾਂਬੂ, ਸੰਦੀਪ ਗਹਿਲੋਤ, ਅਨੂਪ ਭਾਂਬੂ, ਪਰਵੀਨ ਕੁਮਾਰ, ਕ੍ਰਿਸ਼ਨ ਕੁਮਾਰ, ਰੋਹਤਾਸ਼ ਸਵਾਮੀ, ਨੱਥੂ ਰਾਮ, ਵਿਜੇ ਗੋਦਾਰਾ, ਮਹਾਵੀਰ ਭਾਂਬੂ, ਸ਼ੰਕਰ ਲਾਲ,ਬਲਕਾਰ ਸਿੰਘ, ਗੁਰਮੇਜ ਸਿੰਘ ਨੇ ਸਿੱਖਿਆ ਵਿਭਾਗ ਤੇ ਤੰਜ਼ ਕੱਸਦਿਆ ਆਖਿਆ ਕਿ ਅਧਿਆਪਕ ਹੰਸ ਰਾਜ ਕੁਝ ਮਹੀਨੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਉਨ੍ਹਾਂ ਦੀ ਆਤਮਾ ਅੱਜ ਵੀ ਸਿੱਖਿਆ ਵਿਭਾਗ ਦੇ ਰਿਕਾਰਡ ਵਿੱਚ ਕੰਮ ਕਰ ਰਹੀ ਹੈ ਜੋ ਹੁਣ ਤੱਕ ਸਾਲਮ ਖੇੜਾ ਪਿੰਡ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ ਅਤੇ ਹੁਣ ਏਲਨਾਬਾਦ ਬਲਾਕ ਦੇ ਕਾਸ਼ੀ ਕਾ ਬਾਸ ਦੇ ਮਿਡਲ ਸਕੂਲ ਵਿੱਚ ਸੰਸਕ੍ਰਿਤ ਪੜ੍ਹਾਉਣਗੇ।
ਲੋਕਾਂ ਨੇ ਆਖਿਆ ਕਿ ਪਹਿਲਾ ਸਰਕਾਰ ਕੇਵਲ ਸੇਵਾਮੁਕਤ ਹੋ ਚੁੱਕੇ ਅਧਿਆਪਕਾਂ ਨੂੰ ਫਿਰ ਤੋਂ ਨੌਕਰੀ ’ਤੇ ਰੱਖਦੀ ਸੀ ਜਦੋਂਕਿ ਹੁਣ ਮ੍ਰਿਤਕ ਅਧਿਆਪਕਾਂ ਤੋਂ ਵੀ ਕੰਮ ਲਿਆ ਜਾਣ ਲੱਗਾ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਉਹ ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਪਿਛਲੇ 21 ਦਿਨਾਂ ਤੋਂ ਸਕੂਲ ਸਾਹਮਣੇ ਧਰਨਾ ਦੇ ਰਹੇ ਹਨ ਪਰ ਵਿਭਾਗ ਹੁਣ ਮ੍ਰਿਤਕ ਅਧਿਆਪਕਾਂ ਦੇ ਤਬਾਦਲੇ ਇਸ ਸਕੂਲ ਵਿੱਚ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ। ਜਿਸ ਕਾਰਨ ਪੂਰੇ ਪਿੰਡ ਵਿੱਚ ਰੋਸ ਹੈ। ਲੋਕਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆ ਆਖਿਆ ਕਿ ਇਹ ਕਿਵੇਂ ਸੰਭਵ ਹੈ ਕਿ ਇੱਕ ਮਰਿਆ ਹੋਇਆ ਅਧਿਆਪਕ ਅੱਜ ਵੀ ਸਰਕਾਰ ਤੋਂ ਤਨਖ਼ਾਹ ਲੈ ਰਿਹਾ ਹੈ। ਲੋਕਾਂ ਨੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਅੱਜ ਸਕੂਲ ਸਾਹਮਣੇ ਪ੍ਰਦਰਸ਼ਨ ਕੀਤਾ।