ਦੇਵਿੰਦਰ ਸਿੰਘ
ਯਮੁਨਾਨਗਰ, 27 ਜੂਨ
ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਵੈਬਿਨਾਰ ਕਰਵਾਇਆ ਗਿਆ। ਵੈਬਿਨਾਰ ਵਿੱਚ ਪੰਜਾਬੀ ਯੁੂਨੀਵਰਸਿਟੀ ਪਟਿਆਲਾ ਦੇ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਹਰਜੋਧ ਸਿੰਘ ਨੇ ਆਪਣੇ ਭਾਸ਼ਨ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਇਤਿਹਾਸਕ ਹਵਾਲਿਆਂ, ਤੱਥਾਂ, ਅੰਕੜਿਆਂ ਅਤੇ ਹੋਰ ਸਰੋਤ ਗ੍ਰੰਥਾਂ ਰਾਹੀਂ ਪ੍ਰਮਾਣਿਕ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਸਮਾਂ ਸ਼ਾਂਤੀ ਅਤੇ ਸੰਘਰਸ਼ ਦਾ ਸਮਾਂ ਸੀ। ਇਹ ਕਾਲ ਸਿੱਖ ਗੁਰੂਆਂ ਵੱਲੋਂ ਮਨੁੱਖੀ ਆਜ਼ਾਦੀ, ਬਹਾਦੁਰੀ, ਸ਼ਹਾਦਤਾਂ ਅਤੇ ਅੱਵਲ ਦਰਜੇ ਦੇ ਸਾਹਿਤ ਰਚਨਾਕਾਲ ਦਾ ਸਮਾਂ ਵੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਵਿਸ਼ਵ ਦੇ ਵਿਸ਼ਾਲ ਮੰਚ ’ਤੇ ਰੱਖ ਕੇ ਅਧਿਐਨ ਕਰਨ ਦੀ ਲੋੜ ਹੈ। ਵੈਬਿਨਾਰ ਵਿੱਚ ਪੰਜਾਬ ਯੁੂਨੀਵਰਸਿਟੀ ਦੇ ਰਿਜਨਲ ਸੈਂਟਰ ਮੁਕਤਸਰ ਦੀ ਡਾਇਰੈਕਟਰ ਡਾ. ਬਲਵਿੰਦਰ ਕੌਰ ਨੇ ਕਿਹਾ ਕਿ ਸੰਸਾਰ ਦੇ ਮੰਡੀ ਕਲਚਰ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਗੁਰੂ ਸਾਹਿਬ ਦੀ ਬਾਣੀ ਇਨ੍ਹਾਂ ਸਰੋਕਾਰਾਂ ਨੂੰ ਰੱਦ ਕਰਦੀ ਹੈ। ਕੁਰੂਕਸ਼ੇਤਰ ਯੁੂਨੀਵਰਸਿਟੀ ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਮਨੁੱਖੀ ਅਧਿਕਾਰਾਂ ’ਤੇ ਪਹਿਰਾ ਦਿੰਦੀ ਹੈ। ਵੈਬਿਨਾਰ ਦੇ ਕਨਵੀਨਰ ਡਾ. ਨਰਿੰਦਰਪਾਲ ਸਿੰਘ ਨੇ ਬੁਲਾਰਿਆਂ ਨੂੰ ਸਰੋਤਿਆਂ ਦੇ ਰੂ-ਬ-ਰੂ ਕੀਤਾ ਅਤੇ ਵੈਬਿਨਾਰ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਡਾ. ਤਿਲਕ ਰਾਜ, ਪ੍ਰੋ. ਕਿਰਨਪਾਲ ਵਿਰਕ, ਡਾ. ਆਰਐੱਸ ਵੋਹਰਾ ਡਾ. ਅਨੁਰਾਗ ਅਤੇ ਹੋਰ ਅਧਿਆਪਕਾਂ ਨੇ ਸਹਿਯੋਗ ਕੀਤਾ।