ਰਤਨ ਸਿੰਘ ਢਿੱਲੋਂ
ਅੰਬਾਲਾ, 10 ਜੁਲਾਈ
ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਅੰਬਾਲਾ ਸ਼ਹਿਰ ਵਿੱਚ ਨੰਗੇ ਧੜ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਮਾਸਟਰ ਗੁਰਚਰਨ ਸਿੰਘ, ਗਗਨਦੀਪ ਸਿੰਘ ਕਪੂਰ ਵੀ ਸ਼ਾਮਲ ਹੋਏ। ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਸੂਬਾ ਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਫ਼ੈਸਲਿਆਂ ਕਰਕੇ ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ, ਜਦਕਿ ਮਹਿੰਗਾਈ ਪਹਿਲਾਂ ਹੀ ਅਸਮਾਨੀਂ ਚੜ੍ਹੀ ਹੋਈ ਹੈ। ਬੇਰੁਜ਼ਗਾਰੀ ਕਰਕੇ ਸੂਬੇ ਦਾ ਨੌਜਵਾਨ ਵਰਗ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋ ਗਿਆ ਹੈ। ਆਗੂਆਂ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਨੌਕਰੀ ਲਈ ਵਨ ਟਾਈਮ ਰਜਿਸਟ੍ਰੇਸ਼ਨ ਦੇ ਨਾਂ ’ਤੇ 500 ਰੁਪਏ ਫ਼ੀਸ ਵਸੂਲ ਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਗਗਨਦੀਪ ਸਿੰਘ ਕਪੂਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰੰਤ, ਪਰ ਹਾਲਤ ਇਹ ਹੈ ਕਿ ਨੌਜਵਾਨ ਵਰਗ ਡਿਗਰੀ ਲੈ ਕੇ ਸੜਕਾਂ ’ਤੇ ਘੁੰਮ ਰਿਹਾ ਹੈ। ਅਜਿਹੇ ਵਿੱਚ ਉਹ ਜੁਰਮ ਦੀ ਦੁਨੀਆ ਵੱਲ ਵੱਧ ਰਿਹਾ ਹੈ ਜਾਂ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ। ਅੰਕੜਿਆਂ ਅਨੁਸਾਰ ਮਈ ਮਹੀਨੇ ਵਿਚ ਜਿੱਥੇ ਸ਼ਹਿਰੀ ਖੇਤਰ ਵਿਚ ਬੇਰੁਜ਼ਗਾਰੀ ਦਰ 14.7 ਫ਼ੀਸਦ ਰਹੀ ਹੈ ਉੱਥੇ ਹੀ ਪੇਂਡੂ ਖੇਤਰ ਵਿੱਚ ਇਹ ਦਰ 10.6 ਫ਼ੀਸਦ ਦਰਜ ਕੀਤੀ ਗਈ ਹੈ। ਹਰਿਆਣਾ ਬੇਰੁਜ਼ਗਾਰੀ ਵਿੱਚ ਨੰਬਰ ਇਕ ’ਤੇ ਆ ਗਿਆ ਹੈ। ਕਪੂਰ ਨੇ ਦੱਸਿਆ ਕਿ ਪਾਰਟੀ ਦੀ ਯੂਥ ਵਿੰਗ ਦੀ ਟੀਮ ਨੇ ਅੱਜ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ।