ਪੱਤਰ ਪ੍ਰੇਰਕ
ਰਤੀਆ, 20 ਮਈ
ਹਰਿਆਣਾ ਵਿਦਿਆਰਥੀ ਯੂਨੀਅਨ ਵੱਲੋਂ ਵਿਦਿਆਰਥੀਆਂ ਦੀ ਮੰਗ ਸਬੰਧੀ ਸੂਬਾ ਪ੍ਰਧਾਨ ਰਵੀ ਰਤੀਆ ਅਤੇ ਖਾਲਸਾ ਸਰਕਾਰੀ ਕਾਲਜ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿਚ ਰਤੀਆ ਸ਼ਹਿਰ ਵਿਚ ਮੋਟਰਸਾਈਕਲ ਰੈਲੀ ਕੱਢੀ। ਇਸ ਰੈਲੀ ਵਿਚ ਸੈਂਕੜੇ ਵਿਦਿਆਰਥੀਆਂ ਅਤੇ ਆਸ-ਪਾਸ ਦੇ ਨੌਜਵਾਨਾਂ ਨੇ ਭਾਗ ਲਿਆ। ਸ਼ਹਿਰ ਦੇ ਨਵੇਂ ਬੱਸ ਸਟੈਂਡ ਦੇ ਨੇੜੇ ਤੋਂ ਆਰੰਭ ਹੋਈ ਮੋਟਰਸਾਈਕਲ ਰੈਲੀ ਨੇ ਪੂਰੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਉਠਾਇਆ। ਇਸ ਮੌਕੇ ਪ੍ਰਧਾਨ ਰਵੀ ਰਤੀਆ ਨੇ ਕਿਹਾ ਕਿ ਹਰਿਆਣਾ ਬੇਰੁਜ਼ਗਾਰੀ ਦੇ ਵਿਸ਼ੇ ਵਿਚ ਨੰਬਰ ਇਕ ’ਤੇ ਹੈ ਅਤੇ ਸਿੱਖਿਅਤ ਨੌਜਵਾਨ ਰੁਜ਼ਗਾਰ ਲਈ ਭਟਕ ਰਹੇ ਹਨ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰੀ, ਵਿਦਿਆਰਥੀਆਂ ਦੀਆਂ ਮੰਗਾਂ, ਪੁਲੀਸ ਪੇਪਰ ਦਾ ਨਤੀਜਾ ਐਲਾਨਣ, ਸੈਨਾ ਭਰਤੀ ਅਤੇ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਅਤੇ ਮਹਿੰਗਾਈ ਆਦਿ ਪ੍ਰਮੁੱਖ ਮੰਗਾਂ ਹਨ। ਖਾਲਸਾ ਤ੍ਰਿਸ਼ਤਾਬਦੀ ਸਰਕਾਰੀ ਕਾਲਜ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਖਾਲਸਾ ਕਾਲਜ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਅੱਜ ਸ਼ਹਿਰ ਵਿਚ ਰੈਲੀ ਕੱਢੀ ਗਈ ਅਤੇ ਰਤੀਆ ਵਿਧਾਇਕ ਲਛਮਣ ਨਾਪਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ 15 ਦਿਨਾਂ ਤੱਕ ਇਨ੍ਹਾਂ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਜਲਦੀ ਹੀ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਇਕ ਵੱਡੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਇਨਕਲਾਬੀ ਨੌਜਵਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਲੀਕਾ, ਮਜ਼ਦੂਰ ਮੁਕਤੀ ਮੋਰਚਾ ਅਤੇ ਹੋਰ ਕਈ ਜਥੇਬੰਦੀਆਂ ਨੇ ਸਮਰਥਨ ਕੀਤਾ।