ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 21 ਦਸੰਬਰ
ਇਥੇ ਅਕਾਲ ਉਸਤਤਿ ਟਰੱਸਟ ਦੇ ਚੇਅਰਮੈਨ ਅਤੇ ਕੌਮਾਂਤਰੀ ਗੁਰਬਾਣੀ ਕਥਾਵਾਚਕ ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਆਰਐੱਸਐੱਸ ਵਰਗੀਆਂ ਸੰਸਥਾਵਾਂ ਲਗਾਤਾਰ ਸਿੱਖੀ ਸਿਧਾਂਤ ’ਤੇ ਹਮਲੇ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਇਹ ਕੋਸ਼ਿਸ਼ ਲਗਾਤਾਰ ਕਰਦੇ ਰਹਿੰਦੇ ਹਨ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਸਿੱਖੀ ਸਿਧਾਂਤ ਵੱਲੋਂ ਗੁਮਰਾਹ ਕੀਤਾ ਜਾ ਸਕੇ। ਇਸੇ ਕੜੀ ਤਹਿਤ ਆਰਐੱਸਐੱਸ ਮੁਖੀ ਮੋਹਨ ਭਾਗਵਤ ਦਾ ਸ਼ਨਿਚਰਵਾਰ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ’ਚ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ‘ਹਿੰਦੂ’ ਸ਼ਬਦ ਦੀ ਵਰਤੋ ਸਭ ਤੋਂ ਪਹਿਲਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ ਹੈੈ। ਜਦੋਂ ਕਿ ਇਹ ਇਕ ਕੋਰਾ ਝੂਠ ਹੈ। ਭਾਈ ਤੇਜਪਾਲ ਸਿੰਘ ਨੇ ਕਿਹਾ ਕਿ ਹਰ ਸਿੱਖ ਜਾਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੰਦਰਵੀਂ ਸਦੀ ਵਿੱਚ ਪ੍ਰਗਟ ਹੋਏ, ਜਦੋਂ ਕਿ ਹਿੰਦੂ ਸ਼ਬਦ ਅੱਠਵੀਂ ਸਦੀ ’ਚ ਹੀ ਭਾਰਤ ਵਿੱਚ ਆ ਗਿਆ ਸੀ। ‘ਹਿੰਦੂ’ ਸ਼ਬਦ ਸਭ ਤੋਂ ਪਹਿਲਾ ਅਰਬੀ ਲੋਕਾਂ ਵੱਲੋਂ ਵਰਤਿਆ ਗਿਆ ਕਿਉਂਕਿ ਉਹ ਲੋਕ ‘ਹ’ ਨੂੰ ‘ਸ’ ਬੋਲਦੇ ਹਨ। ਪਰ ਮੋਹਨ ਭਾਗਵਤ ਇਹ ਝੂਠ ਕਿਉਂ ਬੋਲ ਰਿਹਾ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਭਾਈ ਤੇਜਪਾਲ ਸਿੰਘ ਨੇ ਦੱਸਿਆ ਕਿ ਅੱਜ ਇਕ ਪਾਸੇ ਆਰਐੱਸਐੱਸ ਇਹ ਕਹਿੰਦੀ ਹੈ ਕਿ ‘ਹਿੰਦੂ’ ਕੋਈ ਧਰਮ ਨਹੀਂ ਹੈ, ਪ੍ਰਧਾਨ ਮੰਤਰੀ ਮੋਦੀ ਵੀ ਤੇ ਸੁਪਰੀਮ ਕੋਰਟ ਵੀ ਇਹ ਮੰਨਦਾ ਹੈ ਕਿ ‘ਹਿੰਦੂ’ ਕੋਈ ਧਰਮ ਨਹੀਂ ਹੈ, ਫਿਰ ਮੋਹਨ ਭਾਗਵਤ ਦਾ ਇਹ ਬਿਆਨ ਬਹੁਤ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦੇ ਹਰ ਵਰਗ ਨੂੰ ਆਰ ਐਸ ਐਸ ਵਰਗੀਆਂ ਸੰਸਥਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ।