ਸ਼ਾਹਬਾਦ ਮਾਰਕੰਡਾ(ਪੱਤਰ ਪ੍ਰੇਰਕ): ਇਕ ਪਾਸੇ ਤਾਂ ਸਰਕਾਰ ਸਵੱਛਤਾ ਦੇ ਨਾਂ ਤੇ ਢਿੰਡੋਰਾ ਪਿੱਟ ਕੇ ਆਪਣੀ ਵਾਹੋ-ਵਾਹੀ ਲੁੱਟ ਰਹੀ ਹੈ ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਸ਼ਹਿਰ ਦੀ ਮੁੱਖ ਅਬਾਦੀ ਵਾਲੀ ਮੇਨ ਸੜਕ ’ਤੇ ਇਕ ਕਬਾੜ ਦੀ ਦੁਕਾਨ ਵਾਲੇ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਦੁਕਾਨ ਮਾਲਕ ਸਾਰਾ ਦਿਨ ਸੜਕ ’ਤੇ ਕਬਾੜੀਆਂ ਵੱਲੋਂ ਇਕੱਠਾ ਕੀਤਾ ਕਾਗਜ਼, ਪਲਾਸਟਿਕ, ਖਾਲੀ ਬੋਤਲਾਂ ਆਦਿ ਖਿਲਾਰ ਕੇ ਬੈਠਾ ਰਹਿੰਦਾ ਹੈ, ਜਿਸ ਕਰ ਕੇ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ। ਭਾਵੇਂ ਕਿ ਇਹ ਸੜਕ ਕੁਝ ਚੌੜੀ ਹੈ, ਪਰ ਸੜਕ ’ਤੇ ਕਬਾੜੀਏ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਕਰ ਕੇ ਸੜਕ ਤੰਗ ਹੋ ਜਾਂਦੀ ਹੈ। ਇਸ ਡਰ ਕਾਰਨ ਮਾਪੇ ਬੱਚਿਆਂ ਨੂੰ ਘਰ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਕਿ ਕਿਧਰੇ ਕੋਈ ਘਟਨਾ ਨਾ ਵਾਪਰ ਜਾਏ। ਰੂੜੀਆਂ ਆਦਿ ਤੋਂ ਇਕੱਠਾ ਕੀਤਾ ਗਿਆ ਕਾਗਜ਼, ਪਲਾਸਟਿਕ ਹਰ ਵੇਲੇ ਸੜਕ ’ਤੇ ਖਿਲਰਦਾ ਰਹਿੰਦਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਬਾੜੀਏ ਦੀ ਦੁਕਾਨ ਨੂੰ ਇਥੋਂ ਰਿਹਾਇਸ਼ੀ ਖੇਤਰ ’ਚ ਬੰਦ ਕਰਵਾਇਆ ਜਾਵੇ।