ਨਿਜੀ ਪੱਤਰ ਪ੍ਰੇਰਕ
ਅੰਬਾਲਾ, 16 ਜੂਨ
ਨੱਗਲ ਪਿੰਡ ’ਚੋਂ ਅੰਮ੍ਰਿਤਧਾਰੀ ਗੁੰਮਸ਼ੁਦਾ ਔਰਤ ਦਾ ਭਤੀਜਾ ਹੀ ਉਸ ਦਾ ਕਾਤਲ ਨਿਕਲਿਆ। ਡੀਐੱਸਪੀ ਹੈੱਡਕੁਆਟਰ ਸੁਲਤਾਨ ਸਿੰਘ ਦੀ ਅਗਵਾਈ ’ਚ ਪੁਲੀਸ ਟੀਮ ਨੇ ਕਾਰਵਾਈ ਕਰਦਿਆਂ ਔਰਤ ਦੀ ਖੇਤਾਂ ’ਚ ਦੱਬੀ ਲਾਸ਼ ਬਰਾਮਦ ਕਰ ਕੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ’ਚ ਪੇਸ਼ ਕੀਤਾ ਜਿਥੇ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਸ ਸਬੰਧੀ ਅਮਰਜੀਤ ਸਿੰਘ ਵਾਸੀ ਨੱਗਲ ਨੇ ਥਾਣਾ ਨੱਗਲ ’ਚ 11 ਜੂਨ 2021 ਨੂੰ ਆਪਣੀ ਭੈਣ ਸੁਰਿੰਦਰ ਕੌਰ ਦੇ ਗੂੰਮ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਛੋਟੀ ਭੈਣ ਸੁਰਿੰਦਰ ਕੌਰ ਉਰਫ਼ ਜੈਲੂ ਬਾਬਾ ਅਣਵਿਆਹੀ ਸੀ ਤੇ ਉਸ ਨੇ ਅੰਮ੍ਰਿਤ ਛਕਿਆ ਹੋਇਆ ਸੀ। ਉਹ ਨਾਲ ਵਾਲੇ ਘਰ ’ਚ ਇਕੱਲੀ ਰਹਿੰਦੀ ਸੀ। ਜਿਸ ਦਿਨ ਉਹ ਗੁੰਮ ਹੋਈ ਉਸ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਸਿਰ ਤੇ ਦਸਤਾਰ ਸਜਾਈ ਹੋਈ ਸੀ। ਉਸ ਦਾ ਮੋਬਾਈਲ ਫੋਨ ਸਿਤਾਰਾ ਮੰਨਤ ਹੋਟਲ ਕੁਰੂਕਸ਼ੇਤਰ ਦੀ ਰਿਸੈਪਸ਼ਨ ਤੋਂ ਸਟਾਫ ਨੂੰ ਮਿਲਿਆ ਸੀ। ਜਦੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸੁਰਿੰਦਰ ਕੌਰ ਆਪਣੇ ਭਤੀਜੇ ਨਾਲ ਗਈ ਸੀ। ਪੁਲੀਸ ਨੇ ਜਦੋਂ ਭਤੀਜੇ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਗੁੰਮਸ਼ੁਦਾ ਔਰਤ ਦਾ ਕਤਲ ਉਸ ਨੇ ਆਪਣੇ ਦੋਸਤ ਦੀ ਮਦਦ ਨਾਲ ਜ਼ਮੀਨ ਹੜੱਪਣ ਲਈ ਕੀਤੀ ਤੇ ਲਾਸ਼ ਖੇਤਾਂ ’ਚ ਦੱਬ ਦਿੱਤੀ। ਪੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲਾਸ਼ ਖੇਤਾਂ ’ਚੋਂ ਬਰਾਮਦ ਕਰਕੇ ਮਾਮਲੇ ’ਚ ਧਾਰਾ 302 ਤੇ 201 ਜੋੜ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।