ਪੱਤਰ ਪ੍ਰੇਰਕ
ਫਰੀਦਾਬਾਦ, 31 ਜਨਵਰੀ
ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅਟਲ ਕਮਲ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਗੁਰੂ ਰਵਿਦਾਸ ਦੀ ਜੈਅੰਤੀ ਭਾਰਤੀ ਜਨਤਾ ਪਾਰਟੀ ਹਰਿਆਣਾ ਪ੍ਰਦੇਸ਼ ਵੱਲੋਂ 3 ਫਰਵਰੀ ਨੂੰ ਗੁਰੂਗ੍ਰਾਮ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਦੀ ਤਿਆਰੀ ਲਈ ਉਨ੍ਹਾਂ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਜ਼ਿੰਮੇਵਾਰੀ ਸੌਂਪੀ ਤਾਂ ਜੋ ਵੱਧ ਤੋਂ ਵੱਧ ਵਰਕਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਆਪਣੇ ਸੰਬੋਧਨ ਵਿੱਚ ਗੁਰੂ ਰਵਿਦਾਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਕਿਹਾ ਗਿਆ। ਗੋਪਾਲ ਸ਼ਰਮਾ ਨੇ ਕਿਹਾ ਕਿ ਗੁਰੂ ਰਵਿਦਾਸ ਸਾਰੇ ਸਮਾਜ ਦੇ ਸੰਤ ਹਨ ਅਤੇ ਉਨ੍ਹਾਂ ਦੇ ਆਦਰਸ਼ ਅਤੇ ਦੋਹੇ ਜੀਵਨ ਦੇ ਅਨਮੋਲ ਸਬਕ ਦਿੰਦੇ ਹਨ। ਰਵਿਦਾਸ ਜੀ ਦੇ ਜੀਵਨ ਫਲਸਫੇ ਨੂੰ ਵਰਕਰਾਂ ਦੇ ਸਨਮੁੱਖ ਰੱਖਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਆਰ.ਐਨ.ਸਿੰਘ ਨੇ ਰਵਿਦਾਸ ਦੇ ਜੀਵਨ ਫਲਸਫੇ ਨੂੰ ਵਰਕਰਾਂ ਦੇ ਸਨਮੁੱਖ ਰੱਖਦਿਆਂ ਕਿਹਾ ਕਿ 3 ਫਰਵਰੀ 2023 ਨੂੰ ਸੰਤ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਗੁਰੂ ਰਵਿਦਾਸ, ਜਿਨ੍ਹਾਂ ਨੂੰ ਰੈਦਾਸ ਅਤੇ ਰੋਹੀਦਾਸ ਵੀ ਕਿਹਾ ਜਾਂਦਾ ਹੈ, ਭਗਤੀ ਲਹਿਰ ਦੇ ਇੱਕ ਪ੍ਰਸਿੱਧ ਸੰਤ ਸਨ। ਗੁਰੂ ਰਵਿਦਾਸ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਪਿੰਡ ਸੀਰ ਗੋਵਰਧਨਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਸਥਾਨ ਹੁਣ ਗੁਰੂ ਰਵਿਦਾਸ ਜਨਮ ਅਸਥਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਲਈ ਇੱਕ ਪ੍ਰਮੁੱਖ ਤੀਰਥ ਸਥਾਨ ਹੈ।