ਪੱਤਰ ਪ੍ਰੇਰਕ
ਜੀਂਦ/ ਉਚਾਨਾ, 22 ਦਸੰਬਰ
ਪਿੰਡ ਨੂੰ ਪਿੰਡ ਨਾਲ ਜੋੜਣ ਵਾਲੇ ਕੱਚੇ ਰਾਹਾਂ ਨੂੰ ਸਮਾਪਤ ਕਰਨ ਲਈ 7 ਸੜਕਾਂ ਦੇ ਨਿਰਮਾਣ ਉੱਤੇ ਇਸ ਸਾਲ ਮਾਰਕੀਟਿੰਗ ਬੋਰਡ ਵੱਲੋਂ ਇੱਕ ਹਜ਼ਾਰ ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਹ ਵਿਚਾਰ ਰਾਜਵੀਰ ਭੋਂਗਰਾ, ਅਸ਼ਵਣੀ ਸੂਦਕੈਨ, ਅਜਮੇਰ ਵਕੀਲ ਖੇੜੀ ਮਸਾਨੀਆਂ, ਪ੍ਰਦੀਪ ਸਫ਼ਾਖੇੜੀ, ਮੰਦੀਪ ਘੋਗੜੀਆਂ ਅਤੇ ਜਤਿੰਦਰ ਚਹਿਲ ਬੜੋਦਾ ਨੇ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿੰਡ ਤੋਂ ਪਿੰਡ ਨੂੰ ਆਪਸ ਵਿੱਚ ਮਿਲਵਾਉਣ ਵਾਲੇ ਕੱਚੇ ਰਾਹਾਂ ਨੂੰ ਪੱਕਾ ਕਰਵਾਉਣ ਦੀ ਮੰਗ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੋਂ ਕੀਤੀ ਗਈ ਸੀ। ਇਨ੍ਹਾਂ ਸੜਕਾਂ ਵਿੱਚੋਂ ਪੰਜ ਸੜਕਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਬਾਕੀ ਸੜਕਾਂ ਉੱਤੇ ਕੰਮ ਚੱਲ ਰਿਹਾ ਹੈ। ਪਿੰਡ ਨੂੰ ਪਿੰਡ ਨਾਲ ਮਿਲਾਉਣ ਵਾਲੇ ਕੱਚੇ ਰਾਹਾਂ ਨੂੰ ਸਮਾਪਤ ਕਰਨ ਦੀ ਮੰਗ ਪੂਰੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਵੱਲੋਂ ਕੀਤੀ ਗਈ ਸੀ। ਇਹ ਮੰਗ ਹੁਣ ਮਾਰਕੀਟਿੰਗ ਬੋਰਡ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਮਾਰਕੀਟਿੰਗ ਬੋਰਡ ਉਚਾਨਾ ਦੇ ਐੱਸਡੀਓ ਰਵੀ ਨੈਣ ਨੇ ਦੱਸਿਆ ਕਿ ਸੰਨ 2021 ਵਿੱਚ ਮਾਰਕੀਟਿੰਗ ਬੋਰਡ ਵੱਲੋਂ ਕਈ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ ਕਈ ਸੜ੍ਹਕਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ ਅਤੇ ਕੁਝ ਦਾ ਨਿਰਮਾਣ ਅਜੇ ਬਾਕੀ ਹੈ ਜੋ ਕਿ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।