ਰਤਨ ਸਿੰਘ ਢਿੱਲੋਂ
ਅੰਬਾਲਾ, 17 ਅਕਤੂਬਰ
ਸੰਭਾਲਖਾ ਪਿੰਡ ਵਿੱਚ ਬੀਤੀ ਰਾਤ ਝਗੜੇ ਦੌਰਾਨ ਕੁਝ ਵਿਅਕਤੀਆਂ ਨੇ ਮਨਦੀਪ ਸਿੰਘ ਨਾਂ ਦੇ ਵਿਅਕਤੀ ਦੀ ਰਾਡਾਂ ਤੇ ਡੰਡਿਆਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ। ਸਾਹਾ ਪੁਲੀਸ ਨੇ ਅੱਜ ਘਟਨਾ ਸਬੰਧੀ ਕੇਸ ਦਰਜ ਕਰਨ ਮਗਰੋਂ ਹੱਤਿਆ ਦੇ ਦੋਸ਼ ਹੇਠ ਪੰਜ ਵਿਅਕਤੀਆਂ ਸੁਦੇਸ਼, ਜਸਬੀਰ, ਸੁਖਬੀਰ, ਧਰਮਪਾਲ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਇਸੇ ਪਿੰਡ ਦੇ ਵਸਨੀਕ ਹਰਜੋਤ ਸਿੰਘ ਨੇ ਸਾਹਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ 8.30 ਵਜੇ ਦੇ ਕਰੀਬ ਝੋਨਾ ਕੱਟ ਕੇ ਵਾਪਸ ਪਿੰਡ ਆ ਰਹੀ ਦਿਨੇਸ਼ ਬਾਬਾ ਦੀ ਕੰਬਾਈਨ ਮਾਤਾ ਰਾਣੀ ਮੰਦਰ ਲਾਗੇ ਬਿਜਲੀ ਦੀਆਂ ਤਾਰਾਂ ਨਾਲ ਖਹਿ ਗਈ, ਜਿਸ ਕਰਕੇ ਧਰਮਪਾਲ, ਮਾਮਰਾਜ ਆਦਿ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ। ਇਸ ਕੰਬਾਈਨ ਨੂੰ ਸ਼ਿਕਾਇਤਕਰਤਾ ਦਾ ਰਿਸ਼ਤੇਦਾਰ ਮਨਦੀਪ ਸਿੰਘ ਚਲਾ ਰਿਹਾ ਸੀ। ਬਿਜਲੀ ਬੰਦ ਹੋਣ ’ਤੇ ਧਰਮਪਾਲ ਅਤੇ ਉਸ ਦੇ ਪਰਿਵਾਰ ਵਾਲੇ ਮਨਦੀਪ ਸਿੰਘ ਨਾਲ ਲੜਨ ਲੱਗ ਪਏ। ਇਸ ਝਗੜੇ ਨੂੰ ਸੁਲਝਾਉਣ ਗਏ ਸ਼ਿਕਾਇਤਕਰਤਾ ਦੇ ਪਿਤਾ ਨਾਲ ਵੀ ਉਥੇ ਮੌਜੂਦ ਧਰਮਪਾਲ, ਮਨੀਸ਼ ਤੇ ਸੁਦੇਸ਼ ਨੇ ਕੁੱਟ-ਮਾਰ ਕੀਤੀ। ਹਰਜੋਤ ਸਿੰਘ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ 15-20 ਬੰਦਿਆਂ ਨੂੰ ਨਾਲ ਲੈ ਕੇ ਡੰਡੇ, ਰਾਡਾਂ ਤੇ ਲਾਠੀਆਂ ਆਦਿ ਨਾਲ ਮਨਦੀਪ ਸਿੰਘ ਅਤੇ ਉਸ ਦੇ ਪਿਤਾ ’ਤੇ ਹਮਲਾ ਕਰ ਦਿੱਤਾ ਅਤੇ ਕੁੱਟ-ਕੁੱਟ ਕੇ ਮਨਦੀਪ ਸਿੰਘ ਨਿਵਾਸੀ ਪਿੰਡ ਧੁਰਾਲਾ ਦੀ ਹੱਤਿਆ ਕਰ ਦਿੱਤੀ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੁਲੀਸ ਨੇ ਹਰਜੋਤ ਸਿੰਘ ਦੇ ਬਿਆਨਾਂ ’ਤੇ ਮਨਦੀਪ ਸਿੰਘ ਦੀ ਹੱਤਿਆ ਦੇ ਦੋਸ਼ ਹੇਠ ਸੁਦੇਸ਼, ਜਸਬੀਰ, ਸੁਖਬੀਰ ਪੁੱਤਰ ਧਰਮਪਾਲ, ਧਰਮਪਾਲ ਤੇ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।