ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਭਾਰਤ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਦਿੱਲੀ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਹੋਈ। ਅੱਜ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਕੇ 32.2 ਡਿਗਰੀ ਸੈਲਸੀਅਸ ’ਤੇ ਆ ਗਿਆ। ਮੌਸਮ ਵਿਭਾਗ ਮੁਤਾਬਕ ਸ਼ਨਿੱਚਰਵਾਰ ਨੂੰ ਵੀ ਸ਼ਹਿਰ ’ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲੋਧੀ ਰੋਡ, ਜ਼ਾਫਰਪੁਰ, ਰਿਜ, ਅਯਾਨਗਰ, ਪਾਲਮ, ਪੀਤਮਪੁਰਾ ਖੇਤਰਾਂ ਵਿੱਚ ਮੀਂਹ ਪਿਆ ਹੈ। ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਵੀ ਮੀਂਹ ਪਿਆ। ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਸੜਕਾਂ ’ਤੇ ਪਾਣੀ ਭਰਨ ਕਾਰਨ ਸੰਭਾਵਿਤ ਭੀੜ-ਭੜੱਕੇ ਰਾਹ ਬਾਰੇ ਵੀ ਸੁਚੇਤ ਕੀਤਾ ਤੇ ਉਨ੍ਹਾਂ ਨੂੰ ਕੁਝ ਹਿੱਸਿਆਂ ਤੋਂ ਬਚਣ ਦੀ ਸਲਾਹ ਦਿੱਤੀ। ਦਿੱਲੀ ਟਰੈਫਿਕ ਪੁਲੀਸ ਨੇ ਟਵੀਟ ਕੀਤਾ ਕਿ ਰੇਲਵੇ ਅੰਡਰਪਾਸ ਪੁਲ ਪ੍ਰਹਲਾਦਪੁਰ ਵਿੱਚ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ ਹੈ। ਪਾਣੀ ਭਰਨ ਕਾਰਨ ਗੱਡੀਆਂ ਬੰਦ ਹਨ।
ਸਨਅਤੀ ਖੇਤਰ ਦੀਆਂ ਸੜਕਾਂ ਦੀ ਹਾਲਤ ਖਰਾਬ
ਫਰੀਦਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੀਆਂ ਸਨਅਤੀ ਇਲਾਕਿਆਂ ਦੀਆਂ ਸੜਕਾਂ ਦੀ ਹਾਲਤ ਬਹੁਤ ਖਸਤਾ ਹੈ। ਸੈਕਟਰ-24, 25, 58 ਤੇ ਇੰਡਸਟਰੀਅਲ ਏਰੀਆ, ਜਵਾਹਰ ਕਲੋਨੀ, ਡਬੂਆ ਕਲੋਨੀ, ਬੱਲਭਗੜ੍ਹ ਤੇ ਪਲਵਲ ਦੇ ਇਲਾਕਿਆਂ ਵਿੱਚ ਹਲਕੇ ਮੀਂਹ ਦੌਰਾਨ ਵੀ ਪਾਣੀ ਨੀਵੀਆਂ ਥਾਵਾਂ ਉਪਰ ਭਰ ਗਿਆ। ਸਨਅਤਕਾਰ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਸੈਕਟਰ 14, 15, 28, 29, ਐੱਨਆਈਟੀ ਦੇ ਇਲਾਕਿਆਂ ਐੱਨਐੱਚ-1, 2 ਅਤੇ 3 ਵਿੱਚ ਮੀਂਹ ਦੇ ਪਾਣੀ ਨੇ ਸਮਾਰਟ ਸਿਟੀ ਦੀ ਦਿੱਖ ਵਿਗਾੜ ਦਿੱਤੀ ਹੈ। ਫਾਊਂਡਰੀ ਮਾਲਕ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੰਨੇ ਸਾਲਾਂ ’ਚ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।