ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਮਈ
ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਬਾਬੈਨ ਦੇ ਸਰਕਾਰੀ ਸਿਹਤ ਕੇਂਦਰ ਦਾ ਦੌਰਾ ਕਰ ਕੇ ਉਥੇ ਤਾਇਨਾਤ ਡਾਕਟਰਾਂ ਸੁਘਰ ਸ਼ੇਖਾਵਤ, ਸੋਨੀਆ ਸੈਣੀ ਸਣੇ ਹੋਰਾਂ ਨੂੰ ਪੀਪੀਈ ਕਿੱਟਾਂ, ਹੈਂਡ ਸੈਨੀਟਾਈਜ਼ਰ ਦੀਆਂ ਬੋਤਲਾਂ ਤੇ ਸੋਡੀਅਮ ਹਾਈਪੋਕਲੋਰਾਈਟ ਦਾ ਸਫਾਈ ਸਾਲਯੂਸ਼ਨ ਭੇਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਅੱਜ ਸੂਬੇ ਵਿਚ ਕਰੋਨਾ ਮਹਾਮਾਰੀ ਦੇ ਦੌਰ ਵਿਚ ਜੀਵਨ ਰਕਸ਼ਕ ਦਵਾਈਆਂ ਰੈਮਡੇਸਿਵਿਰ ਤੇ ਆਈਵਰਮੇਕਿਟਨ ਇੰਜੈਕਸ਼ਨ ਦੀ ਖੁੱਲ੍ਹੇਆਮ ਕਾਲਾਬਜਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼ਰਾਬ ਮਾਫੀਆ ਵਲੋਂ ਸ਼ਰਾਬ ਤਾਂ ਖੁੱਲ੍ਹੇਆਮ ਵੇਚੀ ਜਾ ਰਹੀ ਹੈ ਪਰ ਕਰੋਨਾ ਮਰੀਜ਼ਾਂ ਲਈ ਦਵਾਈ ਤੇ ਡਾਕਟਰ ਉਪਲੱਬਧ ਨਹੀਂ, ਜਿਸ ਕਰਕੇ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਸੁਰਜੇਵਾਲਾ ਨੇ ਕਿਹਾ ਕਿ ਸੂਬੇ ਵਿਚ ਕਰੋਨਾ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਨਹੀਂ ਹੋ ਰਹੀ ਤੇ ਮਰੀਜ਼ਾਂ ਲਈ ਬੈੱਡ ਅਤੇ ਵੈਂਟੀਲੇਟਰ ਦਾ ਇੰਤਜਾਮ ਨਹੀਂ ਹੋ ਰਿਹਾ ਪਰ ਸੂਬੇ ਦੀ ਗੱਠਜੋੜ ਸਰਕਾਰ ਲੋਕਾਂ ਦੀ ਜਾਨ ਬਚਾਉਣ ਵਿਚ ਅਸਫਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਨਵੇਂ ਅਭਿਆਨ ਦੀ ਪਹਿਲ ਕੀਤੀ ਹੈ, ਜਿਸ ਦੇ ਤਹਿਤ ਕਾਂਗਰਸ ਕਾਰਕੁਨਾਂ ਵੱਲੋਂ ਹਰ ਜ਼ਰੂਰਤਮੰਦ ਮਰੀਜ਼ਾਂ ਲਈ ਮੁਫ਼ਤ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੀਐੱਮ ਕੇਅਰ ਫੰਡ ’ਚ ਜੋ ਕਰੀਬ 20 ਹਜ਼ਾਰ ਕਰੋੜ ਰੁਪਏ ਤੇ ਮੁੱਖ ਮੰਤਰੀ ਆਫਤ ਫੰਡ ਵਿਚ ਢਾਈ ਸੌ ਕਰੋੜ ਰੁਪਏ ਇਕੱਠੇ ਹੋਏ ਹਨ, ਉਹ ਕਿਧਰ ਗਏ। ਇਸ ਦਾ ਹਿਸਾਬ ਲੋਕਾਂ ਨੂੰ ਦਿੱਤਾ ਜਾਵੇ।