ਪੀ.ਪੀ. ਵਰਮਾ
ਪੰਚਕੂਲਾ, 25 ਸਤੰਬਰ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਸਮਰਪਣ ਪੋਰਟਲ, ਹੁਨਰ ਐਪਲੀਕੇਸ਼ਨ ਤੇ ਵਿਦੇਸ਼ ਸਹਿਯੋਗ ਵਿਭਾਗ ਦੀ ਵੈੱਬਸਾਈਟ ਦਾ ਉਦਘਾਟਨ ਕੀਤਾ। ਖੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ-ਹਰਿਆਣਾ ਦੀਆਂ ਹੱਦਾਂ ’ਤੇ ਬੰਦ ਰਸਤੇ ਜਲਦੀ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੱਦਾਂ ’ਤੇ ਬੰਦ ਰਸਤਿਆਂ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਗੱਲਬਾਤ ਲਈ ਕਮੇਟੀ ਕਾਇਮ ਕੀਤੀ ਗਈ ਸੀ। ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਵੀ ਗਿਆ ਸੀ, ਪਰ ਉਹ ਨਹੀਂ ਆਏ। ਹੁਣ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ ’ਤੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਸਤੇ ਬੰਦ ਹੋਣ ਨਾਲ ਲੋਕਾਂ ਨੂੰ ਤਕਲੀਫ਼ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਹੈ, ਵਪਾਰ ਨੂੰ ਨੁਕਸਾਨ ਹੋ ਰਿਹਾ ਹੈ। ਸਮਾਜ ਦੇ ਹਿੱਤ ਵਿੱਚ ਇਹੀ ਹੈ ਕਿ ਰਸਤੇ ਜਲਦੀ ਖੁੱਲ੍ਹਣੇ ਚਾਹੀਦੇ ਹਨ।