ਰਤਨ ਸਿੰਘ ਢਿੱਲੋਂ
ਅੰਬਾਲਾ, 9 ਮਈ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਜੇਪੀ ਨੱਢਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਅੰਬਾਲਾ ਛਾਉਣੀ ਵਿੱਚ ਸਥਾਪਿਤ ਸਰਕਾਰ ਦੇ ਪਹਿਲੇ ਅਟਲ ਕੈਂਸਰ ਕੇਅਰ ਸੈਂਟਰ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ ਕਿ 72.11 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕੇਂਦਰ ਵਿੱਚ ਅਤਿ-ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਹਨ। ਇਸ ਕੇਂਦਰ ਤੋਂ ਕੇਵਲ ਹਰਿਆਣਾ ਹੀ ਨਹੀਂ ਬਲਕਿ ਪੰਜਾਬ, ਹਿਮਾਚਲ ਅਤੇ ਉਤਰਾਖੰਡ ਦੇ ਕੈਂਸਰ ਰੋਗੀਆਂ ਨੂੰ ਵੀ ਸਸਤਾ ਅਤੇ ਸਹੀ ਇਲਾਜ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੇ ਮੈਡੀਕਲ, ਸਰਜਰੀ ਅਤੇ ਰੇਡੀਏਸ਼ਨ ਤਿੰਨੇ ਤਰ੍ਹਾਂ ਦਾ ਸੰਪੂਰਨ ਇਲਾਜ ਕੀਤਾ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਹੋਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਕੈਂਸਰ, ਥੈਲੇਸੀਮੀਆ ਅਤੇ ਹੀਮੋਫੀਲੀਆ ਰੋਗੀਆਂ ਨੂੰ ਵੀ 2500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਸ੍ਰੀ ਨੱਢਾ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਹਿਲਾਂ ਭਾਰਤ ਮੰਗਣ ਵਾਲਾ ਦੇਸ਼ ਸੀ ਅਤੇ ਹੁਣ ਇਹ ਦੇਣ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਯੁਕਰੇਨ-ਰੂਸ ਯੁੱਧ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਅਜਿਹਾ ਦੇਸ਼ ਹੈ ਜੋ ਇਕ ਮਹੀਨੇ ਵਿਚ ਆਪਣੇ 23 ਹਜ਼ਾਰ ਬੱਚਿਆਂ ਨੂੰ ਰਾਜ਼ੀ-ਖੁਸ਼ੀ ਕੱਢ ਕੇ ਲਿਆਇਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ 12 ਫ਼ੀਸਦੀ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਚੁੱਕਣ ਦਾ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਵਿੱਚ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਇਸ ਸਮਾਗਮ ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਓਪੀ ਧਨਖੜ, ਸਿੱਖਿਆ ਮੰਤਰੀ ਕੰਵਰਪਾਲ, ਖੇਤੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ, ਸੰਸਦ ਮੈਂਬਰ ਰਤਨ ਲਾਲ ਕਟਾਰੀਆ, ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਸਮਾਜਿਕ ਨਿਆਂ ਰਾਜ ਮੰਤਰੀ ਓਪੀ ਯਾਦਵ, ਖੇਡ ਰਾਜ ਮੰਤਰੀ ਸੰਦੀਪ ਸਿੰਘ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਰਾਜ ਸਭਾ ਮੈਂਬਰ ਡੀਪੀ ਵਤਸ, ਵਿਧਾਇਕ ਅਸੀਮ ਗੋਇਲ, ਸੂਬਾਈ ਬੁਲਾਰੇ ਡਾ. ਸੰਜੈ ਸ਼ਰਮਾ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।