ਨਿਜੀ ਪੱਤਰ ਪ੍ਰੇਰਕ
ਅੰਬਾਲਾ, 9 ਸਤੰਬਰ
ਭਾਰਤੀ ਹਥਿਆਰਬੰਦ ਸੈਨਾ ਦੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਅੰਬਾਲਾ ਕੈਂਟ ਆਧਾਰਿਤ ਖੜਗਾ ਕੋਰ ਨੇ ਪੰਜਾਬ ਵਿਚ ‘ਗਗਨ ਸਟ੍ਰਾਈਕ’ ਦੇ ਨਾਂ ਹੇਠ ਭਾਰਤੀ ਸੈਨਾ ਅਤੇ ਭਾਰਤੀ ਹਵਾਈ ਸੈਨਾ ਨੇ ਸਾਂਝਾ ਅਭਿਆਸ ਕੀਤਾ। ਚਾਰ ਦਿਨ ਚੱਲੇ ਇਸ ਅਭਿਆਸ ਰਾਹੀਂ ਅਪਾਚੇ 64ਈ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ ਡਬਲਯੂਐਸਆਈ ਨੂੰ ਸ਼ਕਤੀਸ਼ਾਲੀ ਹਥਿਆਰ ਡਿਲਿਵਰੀ ਪਲੇਟਫ਼ਾਰਮ ਵਜੋਂ ਪ੍ਰਮਾਣਿਤ ਕੀਤਾ ਗਿਆ। ਸੈਨਾ ਦੇ ਬੁਲਾਰੇ ਅਨੁਸਾਰ ਇਨ੍ਹਾਂ ਮਸ਼ੀਨਾਂ ਨੂੰ ਜ਼ਮੀਨੀ ਕਾਰਵਾਈਆਂ ਨਾਲ ਜੋੜਨ ਦੇ ਸ਼ਕਤੀ ਗੁਣ ਦੇ ਪ੍ਰਭਾਵ ਨੇ ਸਾਡੀਆਂ ਸੈਨਾਵਾਂ ਦੀ ਲੜਾਈ ਦੀ ਉੱਤਮਤਾ ਵਿਚ ਵਾਧਾ ਕੀਤਾ ਹੈ। ਇਸ ਅਭਿਆਸ ਦੀ ਅਗਵਾਈ ਖੜਗਾ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫ਼ਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਕੀਤੀ ਜਦੋਂ ਕਿ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ (ਜੀਓਸੀ ਇਨਸੀ) ਲੈਫ਼ਟੀਨੈਂਟ ਜਨਰਲ ਨਵ. ਕੇ ਖੰਡੂਰੀ ਨੇ ਇਸ ਅਭਿਆਸ ਨੂੰ ਨੇੜਿਉਂ ਦੇਖਿਆ। ਇਸ ਅਭਿਆਸ ਵਿੱਚ ਹਮਲਾਵਰ ਹੈਲੀਕਾਪਟਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਭਿਆਸ ਵਿੱਚ ਥਲ ਸੈਨਾ ਦੇ ਮਸ਼ੀਨੀ ਕਾਲਮਾਂ ਦੇ ਤਾਲਮੇਲ ਨਾਲ ਹਮਲਾਵਰ ਹੈਲੀਕਾਪਟਰਾਂ ਵੱਲੋਂ ਸ਼ੁੱਧ ਫਾਇਰਪਾਵਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।