ਫਰੀਦਾਬਾਦ(ਕੁਲਵਿੰਦਰ ਕੌਰ ਦਿਓਲ): ਜ਼ਿਲ੍ਹਾ ਸਿਵਲ ਹਸਪਤਾਲ ਫਰੀਦਾਬਾਦ ਵਿੱਚ 1000 ਐੱਲਪੀਐੱਮ ਦੀ ਸਮਰੱਥਾ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕਾ ਸੀਮਾ ਤ੍ਰਿਖਾ ਨੇ ਕਿਹਾ ਕਿ ਪਲਾਂਟ ਸਥਾਪਤੀ ਦਾ ਮੁੱਖ ਮੰਤਵ ਹਾਲਾਤ ਮੁਤਾਬਕ ਆਕਸੀਜਨ ਸਿਲੰਡਰਾਂ ਦੀ ਸਮੇਂ ਸਿਰ ਸਪਲਾਈ ਦੇ ਕੇ ਕਰੋਨਾ ਮਹਾਮਾਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਇਸ ਲਈ ਆਕਸੀਜਨ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਕਰੋਨਾ ਮਹਾਮਾਰੀ ਦੇ ਸਮੇਂ ਤੋਂ ਆਕਸੀਜਨ ਸਿਲੰਡਰ ਦੀ ਕਿੱਲਤ ਨਾਲ ਜੁੜੀ ਸਮੱਸਿਆ ਨੂੰ ਬਹੁਤ ਸੰਜਮ ਨਾਲ ਨਜਿੱਠਿਆ ਜਾ ਰਿਹਾ ਹੈ ਤਾਂ ਜੋ ਆਮ ਆਦਮੀ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।