ਸਵਾਰੀਆਂ ਨਾਲ ਭਰੀ ਬੱਸ ਅਗਵਾ

* ਕਈ ਕਿਲੋਮੀਟਰ ਜਾਣ ਮਗਰੋਂ ਬੱਸ ਜ਼ਬਰੀ ਰੁਕਵਾਈ; ਸਵਾਰੀਆਂ ਦਾ ਹੋਇਆ ਬਚਾਅ * ਪੁਲੀਸ ਤੇ ਰੋਡਵੇਜ਼ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਆਰੰਭੀ

ਪ੍ਰਭੂ ਦਿਆਲ
ਸਿਰਸਾ, 6 ਅਗਸਤ

ਇਥੋਂ ਦੇ ਬੱਸ ਅੱਡੇ ਤੋਂ ਤਿੰਨ ਜਣਿਆਂ ਨੇ ਸਵਾਰੀਆਂ ਨਾਲ ਭਰੀ ਬੱਸ ਅਗਵਾ ਕਰ ਲਈ। ਅਗਵਾਕਾਰ ਬੱਸ ਨੂੰ ਕਈ ਕਿਲੋਮੀਟਰ ਦੂਰ ਲੈ ਗਏ। ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾਣ ਲਈ ਬੱਸ ’ਚ ਸਵਾਰ ਹੋਏ ਕਿਸੇ ਹੋਰ ਬੱਸ ਦੇ ਕੰਡਕਟਰ ਨੇ ਸ਼ੱਕ ਪੈਣ ’ਤੇ ਬੱਸ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਅਗਵਾਕਾਰ ਡਰਾਈਵਰ ਬੱਸ ਨੂੰ ਚਲਾਉਂਦਾ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਰਸਾ ਤੋਂ ਪਿੰਡ ਬਣੀ ਜਾਣ ਲਈ ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੀ ਬੱਸ ਸਵਾਰੀਆਂ ਚੜ੍ਹਾਉਣ ਲਈ ਅੱਡੇ ’ਤੇ ਖੜ੍ਹੀ ਕੀਤੀ ਗਈ ਸੀ। ਬੱਸ ’ਚ 20-25 ਸਵਾਰੀਆਂ ਬੈਠ ਚੁੱਕੀਆਂ ਸਨ। ਇਸੇ ਦੌਰਾਨ ਬੱਸ ਦੇ ਅਸਲ ਡਰਾਈਵਰ ਤੇ ਕੰਡਕਟਰ ਰੋਟੀ ਖਾਣ ਲਈ ਢਾਬੇ ’ਤੇ ਚਲੇ ਗਏ। ਇਸੇ ਦੌਰਾਨ ਬੱਸ ’ਚ ਸਵਾਰ ਤਿੰਨ ਲੜਕਿਆਂ ਚੋਂ ਇਕ ਲੜਕਾ ਡਰਾਈਵਰ ਦੀ ਸੀਟ ’ਤੇ ਬੈਠ ਗਿਆ ਤੇ ਬੱਸ ਨੂੰ ਅੱਡੇ ਤੋਂ ਬਾਹਰ ਲੈ ਗਿਆ। ਇਸੇ ਦੌਰਾਨ ਇਕ ਹੋਰ ਬੱਸ ਦਾ ਕੰਡਕਟਰ ਬੱਸ ’ਤੇ ਭੱਜ ਕੇ ਚੜ੍ਹ ਗਿਆ। ਅਗਵਾਕਾਰ ਡਰਾਈਵਰ ਨੇ ਬੱਸ ਗਲਤ ਗੇਟ ਚੋਂ ਬਾਹਰ ਕੱਢੀ ਤੇ ਬੱਸ ਨੂੰ ਰਫ ਚਲਾਇਆ। ਇਸ ਮਗਰੋਂ ਕੰਡਕਟਰ ਨੇ ਬੱਸ ਦੇ ਅਸਲ ਕੰਡਕਟਰ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜੋ ਕਿ ਬੱਸ ਵਿੱਚ ਨਹੀਂ ਸੀ। ਇਸੇ ਦੌਰਾਨ ਅਗਵਾਕਾਰ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਉਸ ਨੂੰ ਹੋਰ ਤੇਜ਼ ਕਰ ਦਿੱਤਾ। ਜਦੋਂ ਬੱਸ ਖੁੱਲ੍ਹੀ ਰੋਡ ’ਤੇ ਆਈ ਤਾਂ ਉਸੇ ਕੰਡਕਟਰ ਨੇ ਹਿੰਮਤ ਕਰਦਿਆਂ ਅਗਵਾਕਾਰ ਡਰਾਈਵਰ ਦੇ ਮੂੰਹ ਤੋਂ ਮਾਸਕ ਖਿੱਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਰੋਡਵੇਜ ਦਾ ਡਰਾਈਵਰ ਨਹੀਂ ਹੈ।

ਇਸ ਮਗਰੋਂ ਉਸ ਨੇ ਸਵਾਰੀਆਂ ਨਾਲ ਰਲ ਕੇ ਜਬਰਦਸਤੀ ਬੱਸ ਦਾ ਸਟੇਰਿੰਗ ਫੜਿਆ ਤੇ ਕਲਚ ਨੱਪ ਕੇ ਬੱਸ ਰੋਕ ਲਈ। ਇਸ ਦੀ ਸੂਚਨਾ ਰੋਡਵੇਜ਼ ਦੇ ਉਚ ਅਧਿਕਾਰੀਆਂ ਤੇ ਪੁਲੀਸ ਨੂੰ ਦਿੱਤੀ ਗਈ। ਪੁਲੀਸ ਤੇ ਰੋਡਵੇਜ਼ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅਗਵਾਕਾਰ ਡਰਾਈਵਰ ਤੇ ਦੋ ਉਸ ਦੇ ਸਾਥੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿੱਚ ਪੁਲੀਸ ਨੇ ਪੁਲੀਸ ਦੀਆਂ ਸਵਾਰੀਆਂ ਨੂੰ ਦੂਜੀ ਬੱਸ ਰਾਹੀਂ ਮੰਜ਼ਿਲਾਂ ਵੱਲ ਤੋਰਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All