ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਅਪਰੈਲ
ਸਿਵਲ ਹਸਪਤਾਲ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਰੈਫਰ ਕੀਤੀ ਗਈ ਗਰਭਵਤੀ ਮਹਿਲਾ ਨੇ ਐਂਬੂਲੈਂਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਜ਼ਚਾ-ਬੱਚਾ ਦੋਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਅੰਬਾਲਾ ਕੈਂਟ ਦੇ ਡਾਕਟਰਾਂ ਨੇ ਖ਼ਾਨਪੁਰ ਲੁਬਾਣਾ ਪਿੰਡ ਦੀ ਮਹਿਲਾ ਨੂੰ ਜਣੇਪਾ ਪੀੜਾਂ ਦੌਰਾਨ ਸਾਹ ਲੈਣ ਵਿੱਚ ਦਿੱਕਤ ਆਉਣ ਕਰ ਕੇ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ। ਐਂਬੂਲੈਂਸ ਦੱਪਰ ਟੌਲ ਪਲਾਜ਼ਾ ਕੋਲ ਪਹੁੰਚੀ ਤਾਂ ਮਹਿਲਾ ਦੀਆਂ ਪੀੜਾਂ ਵਧ ਗਈਆਂ। ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਮੁਕੇਸ਼ ਨੇ ਐਂਬੂਲੈਂਸ ਰੋਕ ਕੇ ਮਹਿਲਾ ਦੀ ਜਾਂਚ ਕੀਤੀ ਅਤੇ ਆਪਣੀ ਸੂਝ-ਬੂਝ ਨਾਲ ਐਂਬੂਲੈਂਸ ਵਿੱਚ ਹੀ ਮਹਿਲਾ ਦਾ ਸੁਰੱਖਿਅਤ ਜਣੇਪਾ ਕਰਵਾ ਦਿੱਤਾ।