ਪੀਪੀ ਵਰਮਾ
ਪੰਚਕੂਲਾ, 22 ਸਤੰਬਰ
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਤਨੀਟੌਪ ਨੇੜਲੇ ਸੰਘਣੇ ਜੰਗਲਾਂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਦੋਵੇਂ ਪਾਇਲਟਾਂ ਵਿੱਚੋਂ ਪੰਚਕੂਲਾ ਸੈਕਟਰ-20 ਦੇ ਵਸਨੀਕ ਮੇਜਰ ਅਨੁਜ ਰਾਜਪੂਤ ਨੂੰ ਅੱਜ ਪੰਚਕੂਲਾ ਦੇ ਸੈਕਟਰ-20 ਦੇ ਸ਼ਮਸ਼ਾਨਘਾਟ ਵਿੱਚ ਦੁਪਹਿਰ ਵੇਲੇ ਉਸ ਦੇ ਮਾਤਾ-ਪਿਤਾ, ਰਿਸ਼ਤੇਦਾਰਾਂ ਤੇ ਸੰਗੀ-ਸਾਥੀਆਂ ਨੇ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦੀ ਰੈਜਮੈਂਟ ਦੇ ਜਵਾਨਾਂ ਨੇ ਹਵਾਈ ਫਾਇਰਿੰਗ ਕਰਕੇ ਸਲਾਮੀ ਦਿੱਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਸੈਕਟਰ-20 ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਸ਼ਾਮਲ ਸਨ। ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਸ਼ਹੀਦ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਦੁੱਖ ਪ੍ਰਗਟ ਕੀਤਾ। ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਯੋਗਿੰਦਰ ਕਵਾਤੜਾ, ਸੀਨੀਅਰ ਸਿਟੀਜ਼ਨ ਵਿੱਦਿਆ ਵਰਤ ਪਿੱਪਲੀ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੱਜ ਹਾਦਸੇ ਵਾਲੀ ਥਾਂ ਤੋਂ ਸ਼ਹੀਦ ਦੀ ਦੇਹ ਨੂੰ ਹੈਲੀਕਾਪਟਰ ਰਾਹੀਂ ਪੰਚਕੂਲਾ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਮੇਜਰ ਅਨੁਜ ਰਾਜਪੂਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਡੇਢ ਮਹੀਨਾ ਪਹਿਲਾਂ ਉਸ ਦੀ ਮੰਗਣੀ ਹੋਈ ਸੀ। ਤਿੰਨ ਦਿਨ ਪਹਿਲਾਂ ਹੀ ਮੇਜਰ ਅਨੁਜ ਰਾਜਪੂਤ ਦਾ ਜਨਮ ਦਿਨ ਵੀ ਸੀ।