ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਮਈ
ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਛਾਉਣੀ ਦੇ ਪੀਡਬਲਯੂਡੀ ਰੈਸਟ ਹਾਊਸ ਵਿਚ ਹਫ਼ਤਾਵਾਰੀ ‘ਜਨਤਾ ਦਰਬਾਰ’ ਲਾ ਕੇ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ 1500 ਤੋਂ ਵੱਧ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਫ਼ੋਨ ਕਰ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸਭ ਤੋਂ ਵੱਧ ਸ਼ਿਕਾਇਤਾਂ ਪੁਲੀਸ ਵਿਭਾਗ ਸਬੰਧੀ ਸਨ। ਸਿਰਸਾ ਤੋਂ ਪਹੁੰਚੇ 80 ਸਾਲਾ ਬਜ਼ੁਰਗ ਭਵਾਨੀ ਰਾਮ ਨੇ ਦੱਸਿਆ ਕਿ ਉਸ ਦੇ ਪੁੱਤਰ ਮੁਕੇਸ਼ ਕੁਮਾਰ ਉਰਫ਼ ਮੋਨੂ ਦੀ ਹੱਤਿਆ ਦੇ ਮਾਮਲੇ ਵਿਚ ਪੁਲੀਸ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਮੰਤਰੀ ਨੇ ਕਿਹਾ ਕਿ ਸ਼ਿਕਾਇਤ ਐੱਸਪੀ ਨੂੰ ਭੇਜ ਦਿੱਤੀ ਹੈ ਅਤੇ ਜਲਦੀ ਕਾਰਵਾਈ ਹੋਵੇਗੀ। ਅੱਜ ਦੇ ਦਰਬਾਰ ਵਿਚ ਦੁਬਈ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਖ਼ ਮਾਜਿਦ ਅਲ ਮੌਲਾ ਦਾ ਹਰਿਆਣਾ ਸਰਕਾਰ ਲਈ ਪ੍ਰਸਤਾਵ ਲੈ ਕੇ ਪਹੁੰਚੇ ਕਬੀਰ ਸ਼ੇਖ਼ ਨੇ ਵਿੱਜ ਨਾਲ ਮੁਲਾਕਾਤ ਕੀਤੀ ਅਤੇ ਯਾਦਗਾਰੀ ਚਿੰਨ੍ਹ ਦੇ ਰੂਪ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਚਿੱਤਰ ਅਤੇ ਪ੍ਰਸੰਸਾ-ਪੱਤਰ ਭੇਟ ਕੀਤੇ। ਵਿੱਜ ਨੇ ਕਿਹਾ ਕਿ ਯੂਏਈ ਅਤੇ ਹਰਿਆਣਾ ਵਿਚਕਾਰ ਵਪਾਰ ਦੇ ਲਿਹਾਜ਼ ਨਾਲ ਰਿਸ਼ਤੇ ਮਜ਼ਬੂਤ ਹੋਣਗੇ। ਰਾਜ ਦਾ ਕੋਈ ਵੀ ਮੈਂਬਰ ਜੇ ਦੁਬਈ ਵਿਚ ਵਪਾਰ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।