ਚੰਡੀਗੜ੍ਹ, 23 ਫਰਵਰੀ
ਕਿਰਤੀ ਕਾਨੂੰਨਾਂ ਬਾਰੇ ਕਾਰਕੁਨ ਨੌਦੀਪ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਰਜ ਆਪਣੀ ਜ਼ਮਾਨਤ ਅਰਜ਼ੀ ’ਚ ਪੁਲੀਸ ਵੱਲੋਂ ਉਸ ’ਤੇ ਤਸ਼ੱਦਦ ਢਾਹੁਣ ਦਾ ਦਾਅਵਾ ਕੀਤਾ ਹੈ। ਨੌਦੀਪ ਨੇ ਕਿਹਾ ਕਿ ਪਿਛਲੇ ਮਹੀਨੇ ਸੋਨੀਪਤ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੁਲੀਸ ਸਟੇਸ਼ਨ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ 23 ਸਾਲਾ ਕਾਰਕੁਨ ਨੇ ਦਾਅਵਾ ਕੀਤਾ ਕਿ ਉਸ ਦੀ ਬਣਦੀ ਮੈਡੀਕਲ ਜਾਂਚ ਵੀ ਨਹੀਂ ਕਰਵਾਈ ਗਈ, ਜੋ ਕਿ ਸੀਪੀਸੀ ਦੀ ਧਾਰਾ 54 ਦੀ ਉਲੰਘਣਾ ਹੈ। ਕੌਰ ਇਸ ਵੇਲੇ ਹਰਿਆਣਾ ਦੀ ਕਰਨਾਲ ਜੇਲ੍ਹ ਵਿੱਚ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੌਦੀਪ ਦੀ ਜ਼ਮਾਨਤ ਅਰਜ਼ੀ ’ਤੇ ਪਹਿਲਾਂ ਸੋਮਵਾਰ ਨੂੰ ਸੁਣਵਾਈ ਕਰਨੀ ਸੀ, ਜਿਸ ਨੂੰ ਮਗਰੋਂ 24 ਫਰਵਰੀ ਲਈ ਅੱਗੇ ਪਾ ਦਿੱਤਾ।
ਨੌਦੀਪ ਕੌਰ ਨੇ ਆਪਣੇ ਵਕੀਲਾਂ ਅਰਸ਼ਦੀਪ ਸਿੰਘ ਚੀਮਾ ਤੇ ਹਰਿੰਦਰ ਦੀਪ ਸਿੰਘ ਬੈਂਸ ਰਾਹੀਂ ਦਾਇਰ ਜ਼ਮਾਨਤ ਅਰਜ਼ੀ ਵਿੱਚ ਕਿਹਾ ਕਿ ਉਸ ਨੂੰ 307 ਸਮੇਤ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿਚ ਝੂਠਾ ਫਸਾਇਆ ਗਿਆ ਹੈ। ਕਿਰਤੀਆਂ ਦੇ ਹੱਕਾਂ ਬਾਰੇ ਕਾਰਕੁਨ ਨੇ ਦਾਅਵਾ ਕੀਤਾ ਕਿ ਉਸ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਵਿੱਢੀ ਮੁਹਿੰਮ ਕਰਕੇ ਵੱਡੀ ਹਮਾਇਤ ਮਿਲ ਰਹੀ ਸੀ, ਜਿਸ ਕਰਕੇ ਉਸ ਨੂੰ ਕੇਸ ਵਿੱਚ ‘ਮਿੱਥ ਕੇ ਤੇ ਝੂਠਾ ਫਸਾਇਆ’ ਗਿਆ ਹੈ। ਮਜ਼ਦੂਰ ਅਧਿਕਾਰ ਸੰਗਠਨ ਦੀ ਮੈਂਬਰ ਕੌਰ ਨੇ ਕਿਹਾ ਕਿ ਉਸ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੋਨੀਪਤ ਦੇ ਕੁੰਡਲੀ ਵਿੱਚ ਸੰਘਰਸ਼ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ, ਜਿਸ ਤੋਂ ਸਥਾਨਕ ਪ੍ਰਸ਼ਾਸਨ ਨਾਰਾਜ਼ ਸੀ। ਨੌਦੀਪ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਉਹ ਤੇ ਐੱਮਏਐੱਸ ਮੈਂਬਰ 12 ਜਨਵਰੀ ਨੂੰ ਕੁੰਡਲੀ ਸਨਅਤੀ ਏਰੀਆ ਖੇਤਰ ਵਿੱਚ ਤਨਖਾਹਾਂ ਦੀ ਅਦਾਇਗੀ ਲਈ ਇਕ ਫੈਕਟਰੀ ਵੱਲ ਵਧ ਰਹੇ ਸਨ। ਇੰਨੇ ਨੂੰ ਕੁੰਡਲੀ ਪੁਲੀਸ ਸਟੇਸ਼ਨ ਤੋਂ ਐੱਸਐੱਚਓ ਦੀ ਅਗਵਾਈ ’ਚ ਪੁੱਜੀ ਟੀਮ ਉਸ (ਪਟੀਸ਼ਨਰ) ਨੂੰ ਵਾਲਾਂ ਤੋਂ ਧੂਹ ਕੇ ਇਕ ਪਾਸੇ ਲੈ ਗਈ। ਪੁਲੀਸ ਨੇ ਅਮਨ ਅਮਾਨ ਨਾਲ ਬੈਠੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਵੀ ਕੀਤਾ। ਨੌਦੀਪ ਨੇ ਕਿਹਾ ਕਿ ਪੁਲੀਸ ਉਸ ਨੂੰ ਇਕੱਲੀ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਨੌਦੀਪ ਨੇ ਕਿਹਾ ਕਿ ਉਸ ਨੂੰ ਮਹਿਲਾ ਪੁਲੀਸ ਮੁਲਾਜ਼ਮ ਦੀ ਗ਼ੈਰਹਾਜ਼ਰੀ ’ਚ ਥਾਣੇ ਲਿਜਾਇਆ ਗਿਆ ਸੀ।
-ਪੀਟੀਆਈ